ਬਿਆਸ ਸਕੂਲ ਜਬਰ-ਜ਼ਨਾਹ : ਕੌਮੀ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਦੀ ਟੀਮ ਵੱਲੋਂ ਜਾਂਚ ਸ਼ੁਰੂ

12/22/2019 3:20:20 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬਿਆਸ ਰੇਪ ਕਾਂਡ ਦੀ ਮੁਕੰਮਲ ਜਾਂਚ ਕਰਵਾਉਣ ਨੂੰ ਲੈ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਤੇ ਸਹਿਯੋਗੀ ਜਥੇਬੰਦੀਆਂ ਵਲੋਂ ਧਰਨੇ ਨੂੰ ਸਮਾਪਤ ਕੀਤੇ ਜਾਣ ਉਪਰੰਤ ਵੀ ਇਸ ਕਾਂਡ ਨਾਲ ਸਬੰਧਤ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਲਗਾਤਾਰ ਜਾਰੀ ਹੈ। ਭਾਵੇਂ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਵੱਲੋਂ ਵੱਖ-ਵੱਖ ਸਿੱਟ ਕਮੇਟੀਆਂ ਗਠਿਤ ਕਰ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਦੇ ਕਾਰਣ ਬੀਤੇ ਕੱਲ ਨੈਸ਼ਨਲ ਚਾਈਲਡ ਪ੍ਰੋਟੈਕਸ਼ਨ ਰਾਈਟ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਡੀ. ਜੀ. ਪੀ. ਰਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਪੁੱਜ ਕੇ ਸਿੱਟ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਸਾਰੀ ਸਥਿਤੀ ਤੋਂ ਜਾਣੂ ਹੋਏ ਸਨ ਤੇ ਉਨ੍ਹਾਂ ਨੇ ਆਪਣੀ ਇਹ ਰਿਪੋਰਟ 10 ਦਿਨ ਦੇ ਅੰਦਰ-ਅੰਦਰ ਦੇਣ ਦਾ ਦਾਅਵਾ ਜਤਾਇਆ ਸੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਦਿਲਚਸਪੀ ਲੈਂਦਿਆਂ ਇਹ ਮਾਮਲਾ ਕੌਮੀ ਬਾਲ ਸੁਰੱਖਿਆ ਕਮਿਸ਼ਨ ਨਵੀਂ ਦਿੱਲੀ ਦੇ ਧਿਆਨ 'ਚ ਲਿਆਂਦਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਇਸ ਕਾਂਡ ਪ੍ਰਤੀ ਅਣਗਹਿਲੀ ਵਰਤਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ਾਂ ਉਪਰੰਤ ਅੱਜ ਨੈਸ਼ਨਲ ਚਾਈਲਡ ਪ੍ਰੋਟੈਕਸ਼ਨ ਰਾਈਟ ਕਮਿਸ਼ਨ ਨਵੀਂ ਦਿੱਲੀ ਦੀ ਮੈਂਬਰ ਰੋਜੀਤਾਬਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਫਦ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਐੱਸ. ਡੀ. ਐੱਮ. ਦੇ ਦਫਤਰ ਸਿੱਟ ਦੇ ਵੱਖ-ਵੱਖ ਮੈਂਬਰਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਇਸ ਕਮੇਟੀ 'ਚ ਕਪਿਲ ਸ਼ਰਮਾ ਤੇ ਡਿਪਟੀ ਡਾਇਰੈਕਟਰ ਰਜਿੰਦਰ ਸਿੰਘ ਗਿੱਲ ਵੀ ਸ਼ਾਮਿਲ ਸਨ।

ਲਗਾਤਾਰ 6 ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰੇ 'ਚ ਜਾਂਚ ਹੁੰਦੀ ਰਹੀ
ਲਗਾਤਾਰ 6 ਘੰਟੇ ਤੋਂ ਵੱਧ ਸਮੇਂ ਤੱਕ ਇਹ ਜਾਂਚ ਇਕ ਬੰਦ ਕਮਰੇ 'ਚ ਹੁੰਦੀ ਰਹੀ। ਕਮੇਟੀ ਵੱਲੋਂ ਮੀਡੀਆ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਗਈ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਮਾਪੇ ਜੋ ਸਵੇਰ ਤੋਂ ਹੀ ਇਸ ਕਮੇਟੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਨੂੰ ਕਮੇਟੀ ਮੈਂਬਰਾਂ ਨਾਲ ਨਹੀਂ ਮਿਲਾਇਆ ਗਿਆ, ਜਿਸ 'ਤੇ ਇਨ੍ਹਾਂ ਪਰਿਵਾਰਾਂ ਨੇ ਇਸ ਕਮੇਟੀ ਪ੍ਰਤੀ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਗੁਪਤ ਤੌਰ 'ਤੇ ਜਾਂਚ ਕਰਨ ਦਾ ਮਤਲਬ ਸਰਕਾਰੀ ਅਧਿਕਾਰੀਆਂ ਅਤੇ ਸਕੂਲ ਮੈਨੇਜਮੈਂਟ ਨੂੰ ਬਚਾਉਣ ਦੇ ਬਰਾਬਰ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਦਾ ਪੱਖ ਸੁਣਿਆ ਜਾਂਚ ਕਿਵੇਂ ਮੁਕੰਮਲ ਹੋ ਸਕਦੀ ਹੈ। ਅੱਜ ਦੀ ਮੀਟਿੰਗ 'ਚ ਜ਼ਿਲਾ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਬਣੀ ਸਿੱਟ ਮੈਂਬਰਾਂ ਤੋਂ ਇਲਾਵਾ ਐੱਸ. ਡੀ. ਐੱਮ. ਸੁਮਿਤ ਮੁੱਦ, ਸਹਾਇਕ ਸਿਵਲ ਸਰਜਨ ਅੰਮ੍ਰਿਤਸਰ, ਜ਼ਿਲਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ, ਐੱਸ. ਪੀ. (ਡੀ) ਅਮਨਦੀਪ ਕੌਰ, ਸ਼ੇਰਜੰਗ ਸਿੰਘ ਹੁੰਦਲ ਜ਼ਿਲਾ ਲੋਕ ਸੰਪਰਕ ਅਫਸਰ ਤੇ ਹੋਰ ਵੀ ਕਈ ਕਮੇਟੀ ਮੈਂਬਰ ਹਾਜ਼ਰ ਸਨ। ਦੇਰ ਸ਼ਾਮ ਜਾਂਚ ਮੁਕੰਮਲ ਹੋਣ ਉਪਰੰਤ ਮੀਡੀਆ ਸਾਹਮਣੇ ਮੈਡਮ ਰੋਜੀਤਾਬਾ ਨੇ ਸੰਭਾਵੀ ਤੌਰ 'ਤੇ ਸਕੂਲ ਮੈਨੇਜਮੈਂਟ ਦੀ ਅਣਗਹਿਲੀ ਹੋਣ ਦਾ ਸੰਕੇਤ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਪੂਰੀ ਰਿਪੋਰਟ ਆਉਂਦੇ ਕੁਝ ਦਿਨਾਂ ਤੱਕ ਜਨਤਕ ਕਰ ਦਿੱਤੀ ਜਾਵੇਗੀ।

ਲੁਧਿਆਣਾ 'ਚ ਵੀ ਸਕੂਲੀ ਬੱਚੀ ਨਾਲ ਜਬਰ-ਜ਼ਨਾਹ ਦੀ ਜਾਣਕਾਰੀ ਮਿਲੀ ਹੈ : ਰੋਜੀਤਾਬਾ
ਉਨ੍ਹਾਂ ਕਿਹਾ ਕਿ ਬਿਆਸ ਤੋਂ ਇਲਾਵਾ ਲੁਧਿਆਣਾ 'ਚ ਵੀ ਹੋਏ ਸਕੂਲੀ ਬੱਚੇ ਨਾਲ ਜਬਰ-ਜ਼ਨਾਹ ਦੀ ਉਨ੍ਹਾਂ ਨੂੰ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਘਟਨਾਵਾਂ ਬਹੁਤ ਹੀ ਸ਼ਰਮਨਾਕ ਤੇ ਮੰਦਭਾਗੀਆਂ ਹਨ ਕਿਉਂਕਿ ਸਕੂਲਾਂ 'ਚ ਹਾਜ਼ਰ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਪੂਰੇ ਸਮੇਂ ਤੱਕ ਸਕੂਲ ਮੈਨੇਜਮੈਂਟ ਦੀ ਹੁੰਦੀ ਹੈ ਅਤੇ ਮੈਨੇਜਮੈਂਟ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਣ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਅਜਿਹੇ ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਯਕੀਨੀ ਬਣਦੀ ਹੈ। ਉਨ੍ਹਾਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਨੂੰ ਵੀ ਇਸ ਮਾਮਲੇ 'ਚ ਪੂਰੀ ਛਾਣਬੀਣ ਕਰਨ ਲਈ ਹੁਕਮ ਦਿੱਤੇ ਹਨ।


Baljeet Kaur

Content Editor

Related News