ਜਗਦੀਸ਼ ਟਾਈਟਲਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਮੁਲਜ਼ਮ ਦੀ ਜ਼ਮਾਨਤ ਰੱਦ

Friday, Sep 16, 2022 - 11:01 AM (IST)

ਜਗਦੀਸ਼ ਟਾਈਟਲਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਮੁਲਜ਼ਮ ਦੀ ਜ਼ਮਾਨਤ ਰੱਦ

ਅੰਮ੍ਰਿਤਸਰ (ਦੀਪਕ) - ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਜੋ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀ ਵੀ ਹੈ, ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਦਾਖਲ ਹੋਏ ਕਰਮਜੀਤ ਸਿੰਘ ਗਿੱਲ ਵੱਲੋਂ ਜ਼ਮਾਨਤ ਲਈ ਦਿੱਤੀ ਗਈ ਦਰਖ਼ਾਸਤ ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਡੀ. ਐੱਸ. ਰਲਹਨ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਅਦਾਲਤ ਵਿਚ ਕਰਮਜੀਤ ਸਿੰਘ ਗਿੱਲ ਦੇ ਵਕੀਲਾਂ ਨੇ ਇਹ ਦਲੀਲਾਂ ਦਿੱਤੀਆਂ ਕਿ ਉਸ ਦਾ ਮਕਸਦ ਧਾਰਮਿਕ ਭਾਵਨਾਵਾਂ ਭੜਕਾਉਣਾ ਨਹੀਂ, ਬਲਕਿ ਉਹ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਮੱਥਾ ਟੇਕਣ ਜਾਣ ਤੱਕ ਹੀ ਸੀ, ਜੋ ਕੋਈ ਅਪਰਾਧ ਨਹੀਂ ਬਣਦਾ। 

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਦੂਸਰੇ ਪਾਸੇ ਕਮਿਸ਼ਨਰੇਟ ਪੁਲਸ ਵੱਲੋਂ ਕੀਤੀ ਗਈ ਤਫਤੀਸ਼, ਜਿਸ ’ਚ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਧਾਰਾ 153-ਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਰਕਾਰੀ ਵਕੀਲ ਅੰਜੂ ਸ਼ਰਮਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਭਗਵੰਤ ਸਿਆਲਕਾ ਤੇ ਮਨਜੀਤ ਸਿੰਘ ਛੀਨਾ ਪੇਸ਼ ਹੋਏ, ਇਨ੍ਹਾਂ ਨਾਲ ਸਹਾਇਕ ਵਜੋਂ ਸਵੈਜੀਤ ਸਿੰਘ ਸਿਆਲਕਾ, ਰੋਹਿਤ ਸ਼ਰਮਾ, ਸੁਖਰਾਜ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਬਾਸਰਕੇ ਨੇ ਪੇਸ਼ ਹੋ ਕੇ ਦਲੀਲ ਦਿੱਤੀ ਕਿ ਕਥਿਤ ਦੋਸ਼ੀ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਨਹੀਂ ਬਲਕਿ ਇਕ ਫਿਰਕੇ ਦੀਆਂ ਭਾਵਨਾਵਾਂ ਭੜਕਾਉਣ ਲਈ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀ ਨੇ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲਾ ਕੇਕ ਉਨ੍ਹਾਂ ਦੇ ਜਨਮ ਦਿਨ ’ਤੇ ਕੱਟਿਆ ਸੀ, ਜਿਸ ਮਗਰੋਂ ਇਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਅਤੇ ਪੁਲਸ ਨੇ ਇਨ੍ਹਾਂ ਨੂੰ ਸੁਰੱਖਿਆ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿਚ ਇਹ ਵਿਅਕਤੀ ਪਹਿਲਾਂ ਹੋਰ ਕਮੀਜ਼ ਪਾ ਕੇ ਦਾਖ਼ਲ ਹੋਇਆ ਪਰ ਮਗਰੋਂ ਇਹ ਉਕਤ ਟੀ-ਸ਼ਰਟ ਜਿਸ ’ਤੇ ਜਗਦੀਸ਼ ਟਾਈਟਲਰ ਦੀ ਤਸਵੀਰ ਛਾਪੀ ਹੋਈ ਸੀ, ਪਾ ਕੇ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲ ਹੋਇਆ ਤੇ ਤਸਵੀਰਾਂ ਖਿੱਚੀਆਂ, ਜੋ ਬਾਅਦ ਵਿਚ ਇਸਨੇ ਸੋਸ਼ਲ ਮੀਡੀਆ ’ਤੇ ਪਾਈਆਂ। ਇਹ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਵੀ ਨਹੀਂ ਪੁੱਜਾ, ਸੋ ਇਸ ਤੋਂ ਸਪੱਸ਼ਟ ਹੈ ਕਿ ਕੇਵਲ ਤੇ ਕੇਵਲ ਇਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਗਿਆ ਸੀ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਥਿਤ ਦੋਸ਼ੀ ਵੱਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ।


author

rajwinder kaur

Content Editor

Related News