ਸਰਕਾਰੀ ਸਕੂਲਾਂ ’ਚ ਮਹੀਨੇ ਦੇ ਆਖਰੀ ਸ਼ਨੀਵਾਰ ਹੋਵੇਗਾ ਬੈਗ ਲੈੱਸ-ਡੇ
Wednesday, Nov 20, 2024 - 04:59 PM (IST)
ਅੰਮ੍ਰਿਤਸਰ (ਦਲਜੀਤ)-ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚੇ ਹੁਣ ਮਹੀਨੇ ਦੇ ਅਖੀਰਲੇ ਸ਼ਨੀਵਾਰ ਬੈਗ ਲੈ ਕੇ ਸਕੂਲ ਨਹੀਂ ਆਇਆ ਕਰਨਗੇ। ਉਕਤ ਦਿਨ ਨੂੰ ਅਧਿਆਪਕ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਉਨ੍ਹਾਂ ਦਾ ਸਰੀਰਕ ਮਾਨਸਿਕ ਵਿਕਾਸ ਕਰਵਾਉਣ ਲਈ ਕੰਮ ਕਰਨਗੇ। ਰਾਜ ਵਿਧਿਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਇਹ ਸਬੰਧ ਵਿਚ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਵਿਦਿਆਰਥੀਆਂ ਦੇ ਵਿਕਾਸ ਲਈ ਉਕਤ ਨਵੀਂ ਯੋਜਨਾ ਅਮਲ ਵਿਚ ਲਿਆਂਦੀ ਗਈ ਹੈ। ਪੱਤਰ ਅਨੁਸਾਰ ਵਿਦਿਆਰਥੀਆਂ ਨੂੰ ਮਹੀਨੇ ਦੇ ਅਖੀਰਲੇ ਸ਼ਨੀਵਾਰ ਬੈਗ ਲੈੱਸ ਡੇ ਤਹਿਤ ਸੰਸਕ੍ਰਿਤੀ ਗਤੀਵਿਧੀਆਂ ਖੇਡਣ ਸਿੱਖਣ ਦੀਆਂ ਗਤੀਵਿਧੀਆਂ ਸਮਾਜ ਸੇਵਾ ਕਲਾ ਵਿਗਿਆਨ ਬਾਗਵਾਨੀ ਅਤੇ ਵਾਤਾਵਰਣ ਆਦਿ ਸਬੰਧੀ ਜਾਣੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ
ਵਿਭਾਗ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਵੀ ਗਿਆਨ ਹੋਣਾ ਜ਼ਰੂਰੀ ਹੈ ਅਤੇ ਨਾਲ ਹੀ ਇਸ ਦੇ ਨਾਲ ਵਿਦਿਆਰਥੀਆਂ ਵਿਚ ਜਾਗਰੂਕਤਾ ਵੀ ਆਵੇਗੀ। ਪੱਤਰ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਗਤੀਵਿਧੀਆਂ ਕਰਵਾਉਣ ਤੋਂ ਪਹਿਲਾਂ ਸਕੂਲ ਮੁਖੀ ਇਸ ਦੇ ਸਫਲ ਸੰਚਾਲਨ ਲਈ ਯੋਜਨਾ ਬੱਧੀ ਕਰੇਗਾ ਤਾਂ ਜੋ ਸਕੂਲ ਵਿਚ ਅਨੁਸ਼ਾਸਨ ਬਣਿਆ ਰਹੇ ਅਤੇ ਹਰ ਇਕ ਵਿਦਿਆਰਥੀ ਦੀ ਇਸ ਗਤੀਵਿਧੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਕੂਲ ਆਪਣੇ ਪੱਧਰ ’ਤੇ ਵੀ ਗਤੀਵਿਧੀਆਂ ਕਰਵਾ ਸਕਦਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਦੇ ਨਾਲ ਵਿਦਿਆਰਥੀਆਂ ਦਾ ਹਰ ਪੱਖੋਂ ਵਿਕਾਸ ਹੋਵੇਗਾ। ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਵਿਸ਼ਿਆਂ ਵਿਚ ਵੀ ਮਹਾਰਤ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਵਿਭਾਗ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਵਿਭਾਗ ਦੇ ਹੁਕਮਾਂ ਦੀ ਪੜਚੋਲ ਸਬੰਧ ਵਿੱਚ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਨਿਰੰਤਰ ਸਕੂਲਾਂ ਵਿੱਚ ਜਾ ਕੇ ਯਕੀਨੀ ਬਣਾਉਣਗੀਆਂ ਕਿ ਵਿਦਿਆਰਥੀ ਆਖਰੀ ਸ਼ਨੀਵਾਰ ਵਾਲੇ ਦਿਨ ਬਿਨਾਂ ਬੈਗ ਤੋਂ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਸਮੇਂ ਦੇ ਹਾਣੀ ਬਣ ਰਹੇ ਹਨ।
50 ਤੋਂ ਵਧੇਰੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਜੇ. ਈ. ਈ. ਮੇਨਸ ਦੀ ਮੁਫਤ ਵਿਚ ਕਰਵਾਈ ਜਾਵੇਗੀ ਤਿਆਰੀ
ਜ਼ਿਲ੍ਹਾ ਸਿੱਖਿਆ ਅਫਸਰ ਹਰ ਭਗਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਜੇ. ਈ. ਈ. ਮੇਨਜ਼ ਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਕੱਲ ਤੋਂ ਸਕੂਲਾਂ ਵਿਚ ਨੀਟ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫ਼ਤੇ ਤੋਂ ਜੇ. ਈ. ਈ. ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਆਈ. ਆਈ. ਟੀ. ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ) ਬੇਸਡ ਸਾਫ਼ਟਵੇਅਰ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ
ਜ਼ਿਲ੍ਹੇ ਦੇ ਕਰੀਬ 50 ਤੋਂ ਵਧੇਰੇ ਸਕੂਲਾਂ ਵਿੱਚ ਇਹ ਕੋਚਿੰਗ ਦਿੱਤੀ ਜਾਵੇਗੀ। ਨੀਟ ਪ੍ਰੀਖਿਆ ਲਈ 20 ਨਵੰਬਰ ਤੋਂ 4.30 ਵਜੇ ਤੋਂ 6.30 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਜੇ. ਈ. ਈ ਮੇਨ ਲਈ 11 ਨਵੰਬਰ ਤੋਂ ਹੀ ਸਕੂਲ ਦੇ ਸਮੇਂ ਦੌਰਾਨ 1.15 ਤੋਂ 3. 20 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦਾ ਪੀਰੀਅਡ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8