30 ਮਈ ਨੂੰ ਮਨਾਈ ਜਾਵੇਗੀ ਸੰਤ ਬਾਬਾ ਖੜਕ ਸਿੰਘ ਜੀ ਦੀ ਸਲਾਨਾ ਬਰਸੀ : ਬਾਬਾ ਸੰਤੋਖ ਸਿੰਘ

Sunday, May 20, 2018 - 02:56 PM (IST)

30 ਮਈ ਨੂੰ ਮਨਾਈ ਜਾਵੇਗੀ ਸੰਤ ਬਾਬਾ ਖੜਕ ਸਿੰਘ ਜੀ ਦੀ ਸਲਾਨਾ ਬਰਸੀ : ਬਾਬਾ ਸੰਤੋਖ ਸਿੰਘ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਨਰਿੰਦਰ) : ਮਹਾਨ ਕਾਰਸੇਵਕ ਸੱਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਦੀ ਬਰਸੀ ਦੇ ਸਲਾਨਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਬਾਬਾ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ਇਲਾਕੇ ਦੇ ਮੋਹਤਬਾਰਾਂ, ਪੰਚਾਂ ਅਤੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਮੂਹ ਸੰਗਤ ਵਲੋਂ ਇਕੱਤਰ ਹੋ ਕੇ ਪਿੱਛਲੇ ਲੰਮੇਂ ਸਮੇਂ ਤੋਂ ਬਿਮਾਰ ਚਲੇ ਆ ਰਹੇ ਬਾਬਾ ਦਰਸ਼ਨ ਸਿੰਘ ਜੀ ਦੀ ਸਿਹਤਯਾਬੀ ਲਈ ਵਾਹਿਗੁਰੂ ਦੇ ਚਰਨਾ 'ਚ ਅਰਦਾਸ ਕੀਤੀ ਗਈ। 
ਇਸ ਮੌਕੇ ਬਾਬਾ ਸੰਤੋਖ ਸਿੰਘ ਨੇ ਦੱਸਿਆ ਕਿ 30 ਮਈ ਨੂੰ ਸੰਤ ਬਾਬਾ ਖੜਕ ਸਿੰਘ ਜੀ ਦੀ ਮਨਾਈ ਜਾਣ ਵਾਲੀ ਬਰਸੀ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ ਅਤੇ ਸੁਚੱਜੇ ਢੰਗ ਨਾਲ ਬਰਸੀ ਸਮਾਗਮ ਮਨਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਸਮਾਗਮ ਸਬੰਧੀ ਸੰਗਤਾਂ ਤੋਂ ਸੁਝਾਅ ਮੰਗਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਮਨਾਈ ਜਾਣ ਵਾਲੀ ਬਰਸੀ ਸਮਾਗਮ 'ਚ ਇਸ ਵਾਰ ਵੀ ਕੋਈ ਘਾਟ ਨਾ ਰਹੇ ਇਸ ਲਈ ਸੰਗਤਾਂ ਪਹਿਲਾਂ ਦੀ ਤਰ੍ਹਾਂ ਆਪਣੀਆਂ ਡਿਊਟੀਆਂ ਨੂੰ ਸ਼ਰਧਾ ਪੂਰਵਕ ਨਿਭਾਉਣ ਦੀ ਬੇਨਤੀ ਪ੍ਰਵਾਨ ਕਰਨ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਮੁਫਤ ਗੱਡੀਆਂ ਦੀ ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ। ਪਾਰਕਿੰਗ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਸੰਗਤ ਲਈ ਰਿਹਾਇਸ਼ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਬਾਬਾ ਭੋਲਾ ਸਿੰਘ ਦੀ ਅਗਵਾਈ 'ਚ ਲੰਗਰ, ਛਬੀਲਾਂ ਆਦਿ ਦੇ ਪੁੱਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 29 ਮਈ ਨੂੰ ਲੜੀਵਾਰ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਭਾਰੀ ਦੀਵਾਨਾਂ ਦੀ ਅਰੰਭਤਾ ਹੋਵੇਗੀ, 30 ਮਈ ਨੂੰ ਸ਼ਾਮ ਤੱਕ ਭਾਰੀ ਦੀਵਾਨ ਸੱਜੇ ਰਹਿਣਗੇ, ਜਿੱਥੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵਿਸ਼ਰ ਜਥੇ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਸਰਵਨ ਕਰਾ ਕੇ ਨਿਹਾਲ ਕਰਨਗੇ। ਸ਼ਾਮ ਨੂੰ ਬਾਬਾ ਬੁੱਢਾ ਜੀ ਕਾਲਜ ਦੀ ਖੇਡ ਗਰਾਊਂਡ 'ਚ ਅੰਤਰਰਾਸ਼ਟਰੀ ਕਬੱਡੀ ਟੀਮਾਂ ਵਿਚਾਲੇ ਦਿੱਲਖਿੱਚਵੇਂ ਮੁਕਾਬਲੇ ਹੋਣਗੇ। ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਨਿਵਾਜਿਆ ਜਾਵੇਗਾ। 
ਇਸ ਮੌਕੇ ਬਾਬਾ ਬੁੱਢਾ ਜੀ ਕਾਲਜ ਦੇ ਸਿਖਿੱਆ ਡਰਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ, ਸਰਪੰਚ ਮੋਤਾ ਸਿੰਘ ਬਘਿਆੜੀ, ਗੁਰਦਰਸ਼ਨ ਸਿੰਘ ਬਘਿਆੜੀ ਆਦਿ ਸਮੇਤ ਇਲਾਕੇ ਭਰ ਦੀਆਂ ਪ੍ਰਮੁੱਖ ਸਖਸੀਅਤਾਂ ਹਾਜ਼ਰ ਸਨ।


Related News