ਤਰਨਤਾਰਨ ’ਚ AQI ਪੁੱਜਾ 150 ਤੋਂ ਪਾਰ, ਸਾਹ ਲੈਣ ’ਚ ਲੋਕਾਂ ਨੂੰ ਆਉਣ ਲੱਗੀ ਭਾਰੀ ਦਿੱਕਤ
Monday, Oct 21, 2024 - 01:54 PM (IST)
ਤਰਨਤਾਰਨ (ਰਮਨ ਚਾਵਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਵਾ ’ਚ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਜੋ ਸਾਹ ਅਤੇ ਚਮੜੀ ਰੋਗਾਂ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਇਸ ਵੱਧ ਰਹੇ ਪ੍ਰਦੂਸ਼ਣ ਦੌਰਾਨ ਜ਼ਿਲ੍ਹਾ ਤਰਨਤਾਰਨ ਦਾ ਏਅਰ ਕੁਆਲਿਟੀ ਇੰਡੈਕਸ 155 ਹੋ ਚੁੱਕਾ ਹੈ, ਜਿਸ ਦਾ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਦੇ ਅਸਾਰ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵੱਧ ਰਹੇ ਇਸ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿਲ੍ਹੇ ਭਰ ਦੇ ਵੱਖ-ਵੱਖ ਥਾਣਿਆਂ ’ਚ ਪੁਲਸ ਵੱਲੋਂ ਅੱਗ ਲਗਾਉਣ ਵਾਲੇ 21 ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰ ਸਾਲ ਕੁਝ ਕਿਸਾਨਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਝੋਨੇ ਦੀ ਫਸਲ ਉਪਰੰਤ ਬਚੀ ਰਹਿੰਦ-ਖੂਹੰਦ ਨੂੰ ਨਵੇਂ ਤਰੀਕੇ ਨਾਲ ਨਸ਼ਟ ਕਰਨ ਦੀ ਬਜਾਏ ਅੱਗ ਲਗਾ ਕੇ ਨਸ਼ਟ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜੇ ਅਸੀਂ ਆਪਣੇ ਗੁਆਂਢੀ ਜ਼ਿਲ੍ਹੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਸਦਾ ਏਅਰ ਕੁਆਲਿਟੀ ਇੰਡੈਕਸ 104 ਨਜ਼ਰ ਆਇਆ ਜਦ ਕਿ ਫਿਰੋਜ਼ਪੁਰ ਦਾ 147 ਨਜ਼ਰ ਆਇਆ। ਇਸੇ ਤਰ੍ਹਾਂ ਜੇ ਭਾਰਤ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਉਸ ਦਾ ਏਅਰ ਕੁਆਲਿਟੀ ਇੰਡੈਕਸ 190 ਦੇ ਕਰੀਬ ਪੁੱਜ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਮ.ਡੀ. ਮੈਡੀਸਿਨ ਅਤੇ ਸੇਵਾ ਮੁਕਤ ਡਾਇਰੈਕਟਰ ਹੈਲਥ ਪੰਜਾਬ ਡਾਕਟਰ ਸ਼ਮਸ਼ੇਰ ਸਿੰਘ ਨੇ ਆਪਣੀ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਵਿਖੇ ਦੱਸਿਆ ਕਿ ਹਵਾ ’ਚ ਫੈਲ ਰਹੇ ਪ੍ਰਦੂਸ਼ਣ ਦੇ ਚੱਲਦਿਆਂ ਦਿਲ ਦੇ ਰੋਗਾਂ ਦੇ ਪੀੜਤ ਮਰੀਜ਼ਾਂ ਨੂੰ ਸਾਹ ਲੈਣ ’ਚ ਜ਼ਿਆਦਾ ਦਿੱਕਤ ਆਉਣ ਲੱਗ ਪੈਂਦੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਸਾਹ ਰੁਕਣ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਰਾਲੀ ਦੀ ਅੱਗ ਕਰਕੇ ਦਿਲ ਰੋਗਾਂ ਦੇ ਮਰੀਜ਼ਾਂ ਨੂੰ ਹੋਰ ਫੇਫੜਿਆਂ ਸਬੰਧੀ ਵੀ ਜ਼ਿਆਦਾ ਮੁਸ਼ਕਿਲਾਂ ਆਉਣ ਲੱਗ ਪੈਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਮੜੀ ਰੋਗਾਂ ਦੇ ਮਾਹਿਰ ਅਤੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਐੱਸ. ਐੱਸ. ਮਾਨ ਨੇ ਆਪਣੀ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਵਿਖੇ ਦੱਸਿਆ ਕਿ ਹਵਾ ’ਚ ਫੈਲ ਰਹੇ ਗੰਦੇ ਧੂੰਏਂ ਕਰਕੇ ਜਿੱਥੇ ਲੋਕ ਅੱਖਾਂ ’ਚ ਐਲਰਜੀ ਹੋਣ ਦੇ ਸ਼ਿਕਾਰ ਹੋ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਚਮੜੀ ਦੇ ਰੋਗਾਂ ਨੇ ਵੀ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਹੋ ਰਿਹਾ ਠੱਪ, ਜਾਣੋ ਕੀ ਹੋ ਸਕਦੀ ਵਜ੍ਹਾ
ਹਾਦਸਿਆਂ ਵਿਚ ਹੋ ਰਿਹਾ ਵਾਧਾ
ਯੂਨਾਈਟਡ ਸਟੇਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਟਿੱਚ ਜਾਣਦੇ ਹੋਏ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਜਿਸਦੇ ਜ਼ਹਿਰੀਲੇ ਧੂੰਏਂ ਕਰਕੇ ਜਿੱਥੇ ਲੋਕ ਬੀਮਾਰ ਹੋ ਰਹੇ ਹਨ, ਉਥੇ ਇਸ ਧੂੰਏਂ ਦੇ ਕਰਕੇ ਸੜਕਾਂ ਉਪਰ ਵਿਖਾਈ ਨਾ ਦੇਣ ਦੇ ਚੱਲਦਿਆਂ ਸੜਕੀ ਹਾਦਸੇ ਹੋ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਪੁਲਸ ਵੱਲੋਂ ਜ਼ਿਲ੍ਹੇ ਭਰ ਵਿਚ ਕਰੀਬ 21 ਕਿਸਾਨਾਂ ਖ਼ਿਲਾਫ਼ ਅੱਗ ਲਗਾਉਣ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਵਿਖੇ ਬਲਜੀਤ ਸਿੰਘ ਵਾਸੀ ਡੱਲ, ਥਾਣਾ ਸਦਰ ਪੱਟੀ ਵਿਖੇ ਜੁਗਰਾਜ ਸਿੰਘ ਵਾਸੀ ਚੂਸਲੇਵੜ, ਥਾਣਾ ਹਰੀਕੇ ਵਿਖੇ ਸਾਹਿਬ ਸਿੰਘ ਵਾਸੀ ਨਬੀਪੁਰ, ਥਾਣਾ ਕੱਚਾ ਪੱਕਾ ਵਿਖੇ ਕਸ਼ਮੀਰ ਸਿੰਘ ਵਾਸੀ ਸੂਰਵਿੰਡ, ਥਾਣਾ ਝਬਾਲ ਵਿਖੇ ਹਰਪਾਲ ਸਿੰਘ ਵਾਸੀ ਝਬਾਲ ਗੁਰਪ੍ਰੀਤ ਸਿੰਘ ਵਾਸੀ ਝਬਾਲ, ਥਾਣਾ ਵੈਰੋਵਾਲ ਵਿਖੇ ਮਨੋਹਰ ਸਿੰਘ ਵਾਸੀ ਫਾਜ਼ਲਪੁਰ, ਥਾਣਾ ਸਦਰ ਤਰਨਤਾਰਨ ਵਿਖੇ ਸੇਵਾ ਸਿੰਘ ਪਿੰਡ ਨੋਨੇ, ਥਾਣਾ ਭਿੱਖੀਵਿੰਡ ਵਿਖੇ ਬਲਵੰਤ ਸਿੰਘ ਵਾਸੀ ਪਹੂਵਿੰਡ, ਥਾਣਾ ਸਿਟੀ ਪੱਟੀ ਵਿਖੇ ਹਰਜਿੰਦਰ ਸਿੰਘ ਵਾਸੀ ਕੈਰੋਂ, ਥਾਣਾ ਸਰਹਾਲੀ ਵਿਖੇ ਸੁਖਪਾਲ ਸਿੰਘ ਵਾਸੀ ਠੱਠੀਆਂ ਮਹੰਤਾਂ, ਕੁਲਵੰਤ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਥਾਣਾ ਸਰਾਏ ਅਮਾਨਤ ਖਾਂ ਵਿਖੇ ਜਗੀਰ ਸਿੰਘ ਵਾਸੀ ਸਰਾਏ ਅਮਾਨਤ ਖਾਂ, ਥਾਣਾ ਵਲਟੋਹਾ ਵਿਖੇ ਸੰਤੋਖ ਸਿੰਘ ਵਾਸੀ ਅਲਗੋਂ, ਥਾਣਾ ਸਿਟੀ ਤਰਨਤਾਰਨ ਵਿਖੇ ਨਰਿੰਦਰ ਸਿੰਘ, ਦਵਿੰਦਰ ਸਿੰਘ ਵਾਸੀ ਮੁਗਲ ਚੱਕ, ਥਾਣਾ ਗੋਇੰਦਵਾਲ ਸਾਹਿਬ ਵਿਖੇ ਜੀਤ ਸਿੰਘ ਵਾਸੀ ਖਡੂਰ ਸਾਹਿਬ ਅਤੇ ਗੁਰਨਾਮ ਸਿੰਘ ਵਾਸੀ ਖਡੂਰ ਸਾਹਿਬ ਦੇ ਖ਼ਿਲਾਫ਼ ਮਾਮਲੇ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਗੌਰਵ ਤੂਰਾ ਦੇ ਆਦੇਸ਼ਾਂ ਤਹਿਤ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੈਰੋਂਵਾਲ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਚਾਰੇ ਪਾਸੇ ਧੂੰਆਂ ਫੈਲਾਅ ਰਿਹਾ ਸੀ, ਦੇ ਖਿਲਾਫ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8