ਗੁਰੂ ਘਰ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਕਰ ਨਾ ਸਕੀਆਂ ਦਰਸ਼ਨ

06/01/2020 5:02:39 PM

ਅੰਮ੍ਰਿਤਸਰ (ਅਨਜਾਣ) : 6 ਜੂਨ ਦੇ ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਨਾਕਿਆਂ 'ਤੇ ਪੂਰੀ ਸਖਤੀ ਵਰਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸੰਗਤ ਨੂੰ ਵੀ ਦਰਸ਼ਨਾ ਲਈ ਨਹੀਂ ਜਾਣ ਦਿੱਤਾ ਜਾ ਰਿਹਾ। ਜੇਕਰ ਕੋਈ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਾਂ ਸੇਵਾ ਵਾਲੀਆਂ ਸੰਗਤਾਂ ਸੱਚਖੰਡ ਅੰਦਰ ਜਾਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੇ ਆਈ ਕਾਰਡ ਜਾਂ ਪਾਸ ਚੈੱਕ ਕਰਕੇ ਜਾਣ ਦਿੱਤਾ ਜਾ ਰਿਹਾ ਹੈ। ਇਸ ਲਈ ਬਹੁਤ ਸਾਰੀਆਂ ਸੰਗਤਾਂ ਜੋ ਇਸ ਤੋਂ ਅਨਜਾਣ ਹਨ ਇਤਰਾਜ਼ ਵੀ ਕਰਦੀਆਂ ਦੇਖੀਆਂ ਜਾ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਪੁਲਸ ਵਾਲੇ ਆਪਣੇ ਰਿਸ਼ਤੇਦਾਰਾਂ ਜਾਂ ਲਿਹਾਜ ਵਾਲੇ ਲੋਕਾਂ ਨੂੰ ਜਾਣ ਦਿੰਦੇ ਹਨ ਪਰ ਦੂਜੇ ਪਾਸੇ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਕੇਵਲ ਪਾਸ ਵਾਲੇ ਅਤੇ ਡਿਊਟੀ ਮੁਲਾਜ਼ਮ ਹੀ ਅੰਦਰ ਭੇਜੇ ਜਾ ਰਹੇ ਹਨ। ਇਸ ਸਬੰਧੀ ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਨੇ ਦੱਸਿਆ ਕਿ ਸੰਗਤਾਂ ਦੇ ਭਲੇ ਲਈ ਹੀ ਇਸ ਤਰ੍ਹਾਂ ਸਖ਼ਤੀ ਕੀਤੀ ਜਾ ਰਹੀ ਹੈ। ਪਰ ਫੇਰ ਵੀ ਕਈ ਸੰਗਤਾਂ ਇਹ ਸ਼ੱਕ ਕਰਦੀਆਂ ਨੇ ਕਿ ਅਸੀਂ ਲਿਹਾਜ ਪਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਘਰ 'ਚ ਸਾਰੇ ਬਰਾਬਰ ਨੇ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਪੁਲਸ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੀ ਹੈ।

PunjabKesari

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗ੍ਰੰਥੀ ਸਿੰਘ ਵਲੋਂ ਸ਼ਾਮ ਸਮੇਂ ਪਾਠ ਕੀਤੇ ਗਏ। ਇਸ ਉਪਰੰਤ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਐਡੀ. ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਰੋਨਾ 'ਤੇ ਫਤਿਹ ਪਾਉਣ ਲਈ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਗੁਰੂ ਸਾਹਿਬਾਨ ਤੇ ਸ਼ਹੀਦ ਸਿੰਘਾਂ ਦੇ ਸ਼ਸਤਰਾਂ ਦੇ ਦਰਸ਼ਨ-ਦੀਦਾਰੇ ਕਰਵਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ਕਦੇ ਖਾਲ੍ਹੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਜੋ ਵੀ ਇਸ ਦਰ 'ਤੇ ਆਵੇਗਾ ਉਹ ਰੋਗ ਮੁਕਤ ਹੋ ਕੇ ਜਾਵੇਗਾ।

PunjabKesari

ਸੰਗਤਾਂ ਅਤੇ ਡਿਊਟੀ ਸੇਵਾਦਾਰਾਂ ਨੇ ਸੰਭਾਲੀ ਮਰਿਆਦਾ
ਦਰਸ਼ਨ ਕਰਨ ਵਾਲੀਆਂ ਸੰਗਤਾਂ ਦੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਰਵੇਸ਼ ਨਾ ਕੀਤੇ ਜਾਣ 'ਤੇ ਤਿੰਨ ਪਹਿਰੇ ਦੀਆਂ ਸੰਗਤਾਂ ਅਤੇ ਡਿਊਟੀ ਸੇਵਾਦਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਸੰਭਾਲੀ। ਕਿਵਾੜ ਖੁੱਲ੍ਹਣ 'ਤੇ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ ਕੀਤੀ ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ ਦੇ ਕੀਰਤਨ ਕੀਤੇ ਗਏ। ਉਪਰੰਤ ਗ੍ਰੰਥੀ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਪਹਿਲਾਂ ਹੁਕਮਨਾਮਾ ਲਿਆ ਗਿਆ। ਸੰਗਤਾਂ ਨੇ ਜੋੜੇ ਘਰ, ਪਰਿਕਰਮਾ ਦੇ ਇਸ਼ਨਾਨ ਦੀ ਸੇਵਾ, ਠੰਢੇ ਮਿੱਠੇ ਜਲ ਦੀ ਛਬੀਲ 'ਤੇ ਸੇਵਾ ਅਤੇ ਲੰਗਰ ਹਾਲ ਵਿਖੇ ਸੇਵਾ ਕੀਤੀ। ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਫੁੱਲਾਂ ਨਾਲ ਸਜਾਈ ਸੁਨਹਿਰੀ ਪਾਲਕੀ 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ।


Baljeet Kaur

Content Editor

Related News