ਭਾਰਤ-ਪਾਕਿ ਵਿਚਾਲੇ ਜੰਗ ਬੰਦੀ ਹੋਣ ’ਤੇ 6 ਦਿਨਾਂ ਬਾਅਦ ਸਕੂਲਾਂ ’ਚ ਪਰਤੀਆਂ ਰੌਣਕਾਂ

Tuesday, May 13, 2025 - 05:55 PM (IST)

ਭਾਰਤ-ਪਾਕਿ ਵਿਚਾਲੇ ਜੰਗ ਬੰਦੀ ਹੋਣ ’ਤੇ 6 ਦਿਨਾਂ ਬਾਅਦ ਸਕੂਲਾਂ ’ਚ ਪਰਤੀਆਂ ਰੌਣਕਾਂ

ਫਤਿਹਗੜ੍ਹ ਚੂੜੀਆਂ (ਸਾਰੰਗਲ)- ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ ਕਾਰਨ ਬਣੇ ਜੰਗ ਵਾਲੇ ਮਾਹੌਲ ਦੇ ਮੱਦੇਨਜ਼ਰ ਜਿਥੇ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ, ਉਥੇ ਨਾਲ ਹੀ ਹੁਣ ਦੋਵਾਂ ਦੇਸ਼ਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜੰਗਬੰਦੀ ਕਰਵਾਉਣ ਵਿਚ ਨਿਭਾਈ ਗਈ ਅਹਿਮ ਭੂਮਿਕਾ ਦੇ ਬਾਅਦ ਇਸ ਸਥਿਤੀ ਦੇ ਸੁਧਰਨ ਨਾਲ ਹੁਣ ਸਕੂਲ ਤੇ ਕਾਲਜ ਦੁਬਾਰਾ ਖੁੱਲ੍ਹ ਗਏ ਹਨ ਅਤੇ ਕਰੀਬ 6 ਦਿਨਾਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮੁੜ ਰੌਣਕਾਂ ਪਰਤ ਆਈਆਂ ਹਨ।

ਇਸ ਸਭ ਦੇ ਮੱਦੇਨਜ਼ਰ ਅੱਜ ਸਕੂਲ ਖੁੱਲ੍ਹਣ ’ਤੇ ਜਦੋਂ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਜਗ ਬਾਣੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਸਕੂਲ ਵਿਚ ਮਾਹੌਲ ਖੁਸ਼ਨੁੰਮਾ ਸੀ, ਜਿਸਦੇ ਚਲਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ਰੰਸੀਪਲ ਮੈਡਮ ਅਨੀਤਾ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ  6 ਦਿਨਾਂ ਬਾਅਦ ਸਕੂਲ ਖੁੱਲ੍ਹਣ ’ਤੇ ਬੱਚਿਆਂ ਦੀ ਹਾਜ਼ਰੀ  ਪਹਿਲੇ ਦਿਨ 50 ਫੀਸਦੀ ਰਹੀ। 

ਇਸੇ ਤਰ੍ਹਾਂ, ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਪਿੰਡੀ ਦੇ ਡੀ.ਡੀ.ਆਈ ਸਕੂਲ ਵਿਚ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਸਕੂਲ ਦੀ ਅਕੈਡਮਿਕ ਡਾਇਰੈਕਟਰ ਮੈਡਮ ਸਤਿੰਦਰ ਕੌਰ ਮਰਵਾਹਾ ਨੇ ਦੱਸਿਆ ਕਿ  ਸਕੂਲ ਵਿਚ ਬੱਚਿਆਂ 70 ਫੀਸਦੀ ਹਾਜ਼ਰੀ ਰਹੀ ਹੈ। ਇਸੇ ਤਰ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਦੀ ਪ੍ਰਿੰਸੀਪਲ ਮੈਡਮ ਨੀਨਾ ਚਾਵਲਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬੱਚਿਆਂ ਗਿਣਤੀ 50 ਪ੍ਰਤੀਸ਼ਤ ਦੇ ਆਸ-ਪਾਸ ਹੋਈ ਹੈ। ਓਧਰ, ਇਹ ਵੀ ਦੱਸਣਾ ਬਣਦਾ ਹੈ ਕਿ ਸਕੂਲਾਂ ਵਿਚ ਰੌਣਕਾਂ ਪਰਤਣ ਨਾਲ ਬੱਚੇ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਸਨ ਅਤੇ ਬੱਚਿਆਂ ਤੇ ਅਧਿਆਪਕਾਂ ਨੇ ਆਮ ਦੀ ਤਰ੍ਹਾਂ ਹੀ ਦਿਨ ਬਤੀਤ ਕੀਤਾ। ਇਸਦੇ ਨਾਲ ਹੀ ਸਕੂਲ ਦਾ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਰਿਹਾ।


 


author

Shivani Bassan

Content Editor

Related News