''ਆਪ'' ਦੇ ਹਲਕਾ ਇੰਚਾਰਜ ਸਣੇ ਸਮੂਹ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਹਾਈਵੇ ਜਾਮ ਕਰ ਲਾਇਆ ਧਰਨਾ
Thursday, Oct 10, 2024 - 02:35 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਜਿੱਥੇ ਇੱਕ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਪੂਰੀ ਤਰਾਂ ਅਖਾੜਾ ਭੱਖਿਆ ਹੋਇਆ ਹੈ। ਉੱਥੇ ਹੀ ਹਰ ਇੱਕ ਪਾਰਟੀ ਦੇ ਆਗੂਆ ਵੱਲੋਂ ਆਪਣੇ ਵਰਕਰਾਂ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਇਸੇ ਤਹਿਤ ਹੀ ਹਲਕਾ ਦੀਨਾਨਗਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਪੁਲਸ ਪ੍ਰਸ਼ਾਸਨ ਵੱਲੋਂ ਵਰਕਰਾਂ ਨਾਲ ਧੱਕੇਸ਼ਾਹੀ ਨੂੰ ਲੈ ਕੇ ਅੱਜ ਮੇਨ ਹਾਈਵੇ ਰੋਡ ਝੰਡੇ ਚੱਕ ਨੇੜੇ ਸਮੂਹ ਵਰਕਰਾਂ ਸਮੇਤ ਧਰਨਾ ਲਗਾ ਦਿੱਤਾ ਗਿਆ।
ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਸਾਡੇ ਹੀ ਵਰਕਰਾਂ ਖਿਲਾਫ ਪਰਚੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧੱਕਾ ਬਿਲਕੁਲ ਨਹੀਂ ਚੱਲਣ ਦਿੱਤਾ ਜਾਵੇਗਾ ਕਿਉਂਕਿ ਆਪ ਦੀ ਸਰਕਾਰ ਹਰ ਇੱਕ ਵਰਗ ਦਾ ਖਿਆਲ ਰੱਖਣ ਵਾਲੀ ਸਰਕਾਰ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਪਰ ਪੁਲਸ ਪ੍ਰਸ਼ਾਸਨ ਵੱਲੋਂ ਫਿਰ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਸਮੂਹ ਹਲਕਾ ਦੀਨਾਨਗਰ ਦੇ ਸਮੂਹ ਵਰਕਰਾਂ ਸਮੇਤ ਹਾਈਵੇ ਜਾਮ ਕਰਕੇ ਪੁਲਸ ਪ੍ਰਸ਼ਾਸਨ ਗੁਰਦਾਸਪੁਰ ਖਿਲਾਫ ਧਰਨਾ ਲਗਾਇਆ ਗਿਆ ਹੈ। ਉਧਰ ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਐਸ.ਪੀ. (ਡੀ) ਬਲਵਿੰਦਰ ਸਿੰਘ ਰੰਧਾਵਾ ਸਮੇਤ ਏ.ਐਸ.ਪੀ. ਦੀਨਾਨਗਰ ਦਿਲਪ੍ਰੀਤ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਕਿਸੇ ਵੀ ਪਾਸੇ ਗੱਲ ਸਿਰੇ ਨਾ ਚੜਨ ਕਾਰਨ ਧਰਨਾ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।