ਹੜ੍ਹ ਪੀੜਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਕਦਮ, ਬਣਾਈ ਜਾ ਰਹੀ ਵੈੱਬ ਸਾਈਟ
Saturday, Sep 13, 2025 - 05:07 PM (IST)

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਹੜ੍ਹ ਪੀੜਤ ਇਲਾਕਿਆਂ 'ਚ ਰਾਹਤ ਸਮੱਗਰੀ ਵੰਡਣ ਦੇ ਮਾਮਲੇ ਸੰਬੰਧੀ ਸਿੱਖ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਦੌਰਾਨ ਹੜ੍ਹ ਪੀੜਤ ਇਲਾਕਿਆਂ ਵਿਚ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਹਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਪੰਜਾਬ 'ਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਈ ਨੌਜਵਾਨ ਪੰਜਾਬ ਦੀ ਸੇਵਾ ਕਰਦੇ ਹੋਏ ਦੁਨੀਆ ਨੂੰ ਅਲਵਿਦਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਇਸ ਦੌਰਾਨ ਸਾਰੀਆਂ ਸੰਸਥਾਵਾਂ ਨੇ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਲਈ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਅੱਜ ਸਿੱਖ ਸੰਸਥਾਵਾਂ ਤੇ ਹੋਰ ਸੰਸਥਾਵਾਂ ਨੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਬੂਤ ਦਿੱਤਾ ਹੈ ਕਿ ਅਸੀਂ ਪੰਜਾਬ ਲਈ ਇਕ ਹਾਂ। ਉਨ੍ਹਾਂ ਕਿਹਾ ਕਿ ਕਈ ਸੰਸਥਾਵਾਂ ਦਾ ਇਕ-ਦੂਜੇ ਨਾਲ ਸਾਂਝ ਨਾ ਹੋਣ ਕਾਰਨ ਆਪਸੀ ਤਾਲਮੇਲ ਨਹੀਂ ਬਣ ਰਿਹਾ। ਉਨ੍ਹਾਂ ਕਿਹਾ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਲਈ ਸੋਮਵਾਰ ਤੱਕ ਇਕ ਵੈੱਬ ਸਾਈਟ ਬਣਾਈ ਜਾਵੇਗੀ, ਜਿਸ ਦਾ ਕੰਟੋਲ ਅਕਾਲ ਤਖ਼ਤ ਸਾਹਿਬ ਕੋਲ ਹੋਵੇਗਾ। ਉਨ੍ਹਾਂ ਕਿਹਾ ਸਾਰੀਆਂ ਸੰਸਥਾਵਾਂ ਆਪਣੇ ਆਪ ਨੂੰ SarkarEKhalsaORG.com ਵੈੱਬ ਸਾਈਟ 'ਤੇ ਰਜਿਸਟਰ ਕਰਨਗੀਆਂ। ਇਸ ਕੰਮ ਲਈ ਆਈਆਂ ਹੋਈਆਂ ਸੰਸਥਾਵਾਂ ਵੀ ਸਹਿਮਤ ਹਨ।
ਜਥੇਦਾਰ ਗੜਗੱਜ ਕਿਹਾ ਕਿ ਇਕ ਹੋਰ ਪੋਰਟਲ ਆਉਣ ਵਾਲੇ ਇਕ-ਦੋ ਦਿਨਾਂ 'ਚ ਬਣਾਇਆ ਜਾਵੇਗਾ, ਜਿਸ 'ਚ ਪਤਾ ਲਗੇਗਾ ਕਿਹੜੇ ਪਿੰਡ ਵਿਚ ਕਿਸ ਚੀਜ਼ ਦੀ ਲੋੜ ਹੈ, ਜ਼ਰੂਰਤਮੰਦ ਵਿਅਕਤੀ ਵੈੱਬ ਸਾਈਟ 'ਚ ਜਾ ਕੇ ਆਪਣੀ ਲੋੜ ਦੱਸ ਸਕਦਾ ਹੈ। ਇਸ ਦੇ ਨਾਲ ਹੀ ਜਿਹੜੀ ਵੀ ਸੰਸਥਾ ਉੱਥੇ ਸੇਵਾ ਕਰਨ ਜਾ ਰਹੀ ਹੈ ਉਹ ਵੀ ਇਸ ਸਾਈਟ 'ਤੇ ਜਾਣਕਾਰੀ ਦੇਵੇਗੀ। ਪੋਰਟਲ ਦੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਪਿੰਡ ਸੇਵਾ ਕੀਤੀ ਜਾ ਰਹੀ ਹੈ ਅਤੇ ਕਿਸ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਪੋਰਟਲ ਦੀ ਵਰਤੋਂ ਹਰ ਵਿਅਕਤੀ ਕਰ ਸਕੇਗਾ। ਇਸ ਦਾ ਇਹ ਫਾਇਦਾ ਹੋਵੇਗਾ ਕਿ ਜ਼ਰੂਰਤਮੰਦ ਵਿਅਕਤੀ ਸਿੱਧਾ ਦੱਸ ਸਕੇਗਾ ਅਤੇ ਸੰਸਥਾ ਦਾ ਵੀ ਡੇਟਾ ਮਿਲਦਾ ਰਹੇਗਾ ਕਿ ਕਿਹੜੀ ਸੰਸਥਾ ਕੰਮ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕਿਹਾ ਕਿ ਹਰ ਸੰਸਥਾ ਆਪਣੇ 2 ਵਾਲੰਟੀਅਰ ਸੇਵਾਦਾਰ ਦੇਵੇਗੀ, ਜੋ ਪੋਰਟਲ ਚਲਾਉਣਾ ਅਤੇ ਵੈੱਬ ਸਾਈਟ ਬਣਾਉਣ ਦਾ ਕੰਮ ਦੇਖਣਗੇ। ਇਹ ਸਾਈਟ ਮੰਗਲਵਾਰ ਤੱਕ ਬਣਾ ਦਿੱਤੀ ਜਾਵੇਗੀ। ਇਸ ਨਾਲ ਸਾਰੀਆਂ ਸੰਸਥਾਵਾਂ ਦਾ ਆਪਸ 'ਚ ਤਾਲਮੇਲ ਵੀ ਬਣਿਆ ਰਹੇਗਾ।