ਗੂਗਲ ਪੇਅ ਰਾਹੀਂ ਬੈਂਕ ਖਾਤਿਆਂ ’ਚੋਂ ਕਢਵਾਏ 5 ਲੱਖ 81 ਹਜ਼ਾਰ ਰੁਪਏ, ਕੇਸ ਦਰਜ
Thursday, Oct 08, 2026 - 04:20 PM (IST)
ਤਰਨਤਾਰਨ(ਰਾਜੂ)- ਥਾਣਾ ਸਾਈਬਰ ਕਰਾਈਮ ਤਰਨਤਾਰਨ ਦੀ ਪੁਲਸ ਨੇ ਬੈਂਕ ਖਾਤਿਆਂ ਵਿਚੋਂ ਯੂ.ਪੀ.ਆਈ. ਟਰਾਂਜੈਕਸ਼ਨਾਂ ਰਾਹੀਂ 5 ਲੱਖ 81 ਹਜ਼ਾਰ 116 ਰੁਪਏ ਧੋਖੇ ਨਾਲ ਕਢਵਾਉਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸਤਨਾਮ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਘਰਿਆਲਾ ਨੇ ਦੱਸਿਆ ਕਿ ਉਸ ਦਾ ਸੇਵਿੰਗ ਅਤੇ ਕਰੰਟ ਅਕਾਊਂਟ ਯੂਨੀਅਨ ਬੈਂਕ ਆਫ ਇੰਡੀਆ ਵਿਚ ਹੈ, ਜਿਨ੍ਹਾਂ ਨਾਲ ਉਸ ਨੇ ਗੂਗਲ ਪੇਅ ਅਟੈਚ ਕੀਤਾ ਹੋਇਆ ਹੈ ਅਤੇ ਉਹ ਯੂ.ਪੀ.ਆਈ. ਰਾਹੀਂ ਇਨ੍ਹਾਂ ਦੋਵਾਂ ਖਾਤਿਆਂ ਵਿਚੋਂ ਪੈਸਿਆਂ ਦਾ ਲੈਣ-ਦੇਣ ਕਰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਗਰੀਬ ਕੈਦੀਆਂ ਦੀ ਰਿਹਾਈ ਲਈ ਰਾਹਤ ਵਾਲੀ ਖਬਰ, ਲਿਆ ਗਿਆ ਵੱਡਾ ਫੈਸਲਾ
ਕੁਝ ਦਿਨ ਪਹਿਲਾਂ ਅਚਾਨਕ ਉਸ ਦੀ ਯੂ.ਪੀ.ਆਈ. ਰਾਹੀਂ ਟ੍ਰਾਂਜੈਕਸ਼ਨ ਹੋਣੀ ਬੰਦ ਹੋ ਗਈ ਅਤੇ 30 ਸਤੰਬਰ ਨੂੰ ਉਸ ਦੇ ਸੇਵਿੰਗ ਅਕਾਊਂਟ ਵਿਚੋਂ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ 2,72,696 ਰੁਪਏ ਨਿਕਲ ਗਏ ਜਦਕਿ ਅਗਲੇ ਦਿਨ ਮਿਤੀ 1 ਅਕਤੂਬਰ ਨੂੰ ਉਸ ਦੇ ਕਰੰਟ ਅਕਾਊਂਟ ਵਿਚੋਂ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ 3 ਲੱਖ 8 ਹਜ਼ਾਰ 420 ਰੁਪਏ ਨਿਕਲ ਗਏ। ਜਿਸ ਅਨੁਸਾਰ ਉਸ ਦੇ ਦੋਵਾਂ ਖਾਤਿਆਂ ਵਿਚੋਂ ਕੁੱਲ 5 ਲੱਖ 81 ਹਜ਼ਾਰ 116 ਰੁਪਏ ਨਿਕਲ ਗਏ। ਜਿਸ ਦੀ ਸ਼ਿਕਾਇਤ ਉਸ ਨੇ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮੁਦਈ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਾਸਟਰ ਬਲਵਿੰਦਰ ਦਾ ਕਤਲ
