50 ਹਜ਼ਾਰ 'ਚ ਹੋਇਆ ਪੁਲਸ ਮੁਲਾਜ਼ਮ ਦੇ ਕਤਲ ਦਾ ਸੌਦਾ, ਖਤਰਨਾਕ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ
Friday, Jul 31, 2026 - 05:09 PM (IST)
ਅੰਮ੍ਰਿਤਸਰ (ਰਮਨ): ਪੰਜਾਬ ਪੁਲਸ ਵੱਲੋਂ ਚਲਾਈ ਜਾ ਰਹੀ "ਵਾਰ ਅਗੇਂਸਟ ਗੈਂਗਸਟਰ" ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪਾਕਿਸਤਾਨੀ ISI ਹੈਂਡਲਰ ਦੇ ਇਸ਼ਾਰੇ 'ਤੇ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਮੌਕੇ ਐੱਸ.ਐੱਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20-21 ਜੁਲਾਈ 2026 ਦੀ ਰਾਤ ਕਰੀਬ 1:30 ਵਜੇ ਪੁਲਸ ਚੌਕੀ ਚਮਿਆਰੀ ਪੁਲਸ ਚੌਕੀ ਦੇ ਗੇਟ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਬੰਬ ਸੁੱਟ ਕੇ ਹਮਲਾ ਕੀਤਾ ਸੀ। ਇਸ ਸਬੰਧੀ ਥਾਣਾ ਅਜਨਾਲਾ 'ਚ ਐਫਆਈਆਰ ਨੰਬਰ 250/2026 ਅਧੀਨ ਬੀਐਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ-ਅਕਾਲੀ ਵਫਦ ਦੀ ਰਾਜਪਾਲ ਨਾਲ ਮੁਲਾਕਾਤ, ਬਰਨਾਲਾ ਘਟਨਾ ਤੇ ਪੇਪਰ ਲੀਕ ਮਾਮਲੇ 'ਚ CBI ਜਾਂਚ ਦੀ ਕੀਤੀ ਮੰਗ
ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਪੁਲਸ ਅਧਿਕਾਰੀਆ ਦੀ ਨਿਗਰਾਨੀ ਹੇਠ ਅਤੇ ਸੀਆਈਏ ਟੀਮਾਂ ਵੱਲੋਂ ਆਧੁਨਿਕ ਤਕਨੀਕ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਜਾਂਚ ਅੱਗੇ ਵਧਾਈ ਗਈ। ਜਾਂਚ ਦੌਰਾਨ ਪੁਲਸ ਨੇ 30 ਜੁਲਾਈ 2026 ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਪਰਦੀਪ ਸਿੰਘ, ਕਰਨਵੀਰ ਸਿੰਘ ਅਤੇ ਇੱਕ ਕਿਸ਼ੋਰ ਸੁਖਦੀਪ ਸਿੰਘ (ਜੁਵੇਨਾਈਲ) ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਮਨਦੀਪ ਸਿੰਘ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ISI ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਸ ਮੁਲਾਜ਼ਮਾਂ 'ਤੇ ਹਮਲੇ ਦੀ ਯੋਜਨਾ ਬਣਾਈ। ਮੁਲਜ਼ਮਾਂ ਨੇ ਪਹਿਲਾਂ ਪੁਲਸ ਚੌਕੀ 'ਤੇ ਪੈਟਰੋਲ ਬੰਬ ਹਮਲਾ ਕੀਤਾ ਅਤੇ ਬਾਅਦ ਵਿੱਚ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨੀ ਹੈਂਡਲਰ ਵੱਲੋਂ ਪੁਲਸ ਮੁਲਾਜ਼ਮ ਦੀ ਹੱਤਿਆ ਕਰਨ ਦੇ ਬਦਲੇ 15 ਹਜ਼ਾਰ ਰੁਪਏ ਐਡਵਾਂਸ ਅਤੇ 50 ਹਜ਼ਾਰ ਰੁਪਏ ਦੇਣ ਦਾ ਸੌਦਾ ਕੀਤਾ ਗਿਆ ਸੀ। ਹਮਲੇ ਤੋਂ ਪਹਿਲਾਂ ਮੁਲਜ਼ਮਾਂ ਨੇ ਪੁਲਸ ਮੁਲਾਜ਼ਮਾਂ ਦੀ ਰੇਕੀ ਵੀ ਕੀਤੀ ਸੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ ਅਤੇ ਇੱਕ ਪਿਸਤੌਲ ਸਮੇਤ ਹੋਰ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਵੀ ਤਫ਼ਤੀਸ਼ ਕਰ ਰਹੀਆਂ ਹਨ ਕਿ ਇਸ ਸਾਜ਼ਿਸ਼ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਕੀ ਇਸ ਦੇ ਵਿਦੇਸ਼ੀ ਨੈੱਟਵਰਕ ਨਾਲ ਹੋਰ ਵੀ ਸੰਬੰਧ ਹਨ।
ਇਹ ਵੀ ਪੜ੍ਹੋ- ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!
ਐੱਸ.ਐੱਸ.ਪੀ. ਨੇ ਕਿਹਾ ਕਿ ਪੰਜਾਬ ਪੁਲਸ ਸੂਬੇ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ, ਅੱਤਵਾਦੀ ਤੱਤਾਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਗਠਜੋੜ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਪੰਜਾਬ 'ਚ ਗੰਭੀਰ ਬੀਮਾਰੀਆਂ ਦਾ ਖਤਰਾ, ਹਾਟ-ਸਪਾਟ ਇਲਾਕਿਆਂ ’ਚ ਕਾਰਵਾਈ ਤੇਜ਼ ਕਰਨ ਦੇ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
