2 ਵੈਂਟੀਲੇਟਰ 10 ਸਾਲ ਤੋਂ ਫੱਕ ਰਹੇ ਨੇ ਧੂੜ, 12 ਹੋਰ ਨਵੇਂ ਭੇਜਣ ਦੀ ਤਿਆਰੀ

06/18/2019 5:18:56 AM

ਅੰਮ੍ਰਿਤਸਰ, (ਦਲਜੀਤ)- ਪੰਜਾਬ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਲਈ ਮਸ਼ਹੂਰ ਜ਼ਿਲਾ ਪੱਧਰ ਸਿਵਲ ਹਸਪਤਾਲ ਵਿਚ ਮਰੀਜ਼ਾਂ ਦਾ ਦਰਦ ਵਧਣ ਲੱਗਾ ਹੈ। ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸਾਲ 2009 ਵਿਚ ਟਰੋਮਾ ਸੈਂਟਰ ਖੋਲ੍ਹ ਕੇ ਭੇਜੇ ਗਏ 2 ਵੈਂਟੀਲੇਟਰ ਪਿਛਲੇ 10 ਸਾਲ ਤੋਂ ਸਟਾਫ ਦੀ ਕਮੀ ਦੇ ਕਾਰਣ ਜਿੱਥੇ ਮਿੱਟੀ ਫੱਕ ਰਹੇ ਹਨ ਉਥੇ ਹੀ ਸਿਹਤ ਵਿਭਾਗ ਵੱਲੋਂ ਹੁਣ ਉਕਤ ਹਸਪਤਾਲ ਵਿਚ 12 ਹੋਰ ਨਵੇਂ ਵੈਂਟੀਲੇਂਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਵਿਭਾਗ ਹਸਪਤਾਲ ਵਿਚ ਮਸ਼ੀਨਰੀ ਤਾਂ ਮਰੀਜ਼ਾਂ ਦੀ ਸਹੂਲਤ ਲਈ ਭੇਜ ਰਿਹਾ ਹੈ ਪਰ ਉਸ ਨੂੰ ਚਲਾਉਣ ਲਈ ਸਟਾਫ ਨਹੀਂ ਭੇਜ ਰਿਹਾ ਹੈ, ਜਿਸ ਕਾਰਣ ਪੰਜਾਬ ਵਿਚ ਵਧੀਆ ਕਹਾਉਣ ਵਾਲਾ ਉਕਤ ਹਸਪਤਾਲ ਹੁਣ ਆਪਣਾ ਰੁਤਬਾ ਗੁਆ ਰਿਹਾ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਹਾਲ ਹੀ ਵਿਚ ਸਿਵਲ ਹਸਪਤਾਲ ਵਿਚ ਡਿਪਲੋਮਾ ਆਫ ਨੈਸ਼ਨਲ ਬੋਰਡ ਵਲੋਂ ਪੋਸਟ ਗ੍ਰੈਜੂਏਸ਼ਨ ਕੋਰਸ ਦੀ ਸ਼ੁਰੂਆਤ ਕੀਤੀ ਹੈ। ਇਸ ਕੋਰਸ ਵਿਚ ਪੀ. ਡੀ. ਐਟਰਿਕ, ਗਾਇਨੀ, ਐਨੇਸਥੀਸੀਆ ਆਦਿ ਮਜਮੂਨਾਂ ’ਤੇ ਪੋਸਟ ਗ੍ਰੈਜੂਏਸ਼ਨ ਕਰਵਾਈ ਜਾਵੇਗੀ। ਇਨ੍ਹਾਂ ਕੋਰਸਾਂ ਲਈ ਵੇਂਟੀਲੇਟਰਸ ਦੀ ਬੇਹੱਦ ਜ਼ਰੂਰਤ ਹੈ। ਵੈਂਟੀਲੇਟਰਸ ਦੀ ਕਾਰਜਵਿਧੀ ਅਤੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਇਲਾਜ ਕੀਤਾ ਜਾਣਾ ਹੈ, ਇਹ ਸਭ ਉਨ੍ਹਾਂ ਨੂੰ ਦੱਸਿਆ, ਸਮਝਾਇਆ ਜਾਵੇਗਾ। ਇਹ ਇਕ ਸਾਕਾਰਾਤਮਕ ਪੱਖ ਹੈ ਪਰ ਅਸਲ ਵਿਚ ਸਿਵਲ ਹਸਪਤਾਲ ਵਿਚ ਵੈਂਟੀਲੇਟਰਸ ਇੰਸਟਾਲ ਕਰਨ ਲਈ ਨਾ ਤਾਂ ਸਪੇਸ ਹੈ ਅਤੇ ਨਾ ਹੀ ਇਨ੍ਹਾਂ ਨੂੰ ਚਲਾਉਣ ਲਈ ਸਟਾਫ।

ਸਾਲ 2009 ਵਿਚ ਸਿਵਲ ਹਸਪਤਾਲ ਵਿਚ ਟਰੋਮਾ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਸੀ। ਟਰੋਮਾ ਸੈਂਟਰ ਵਿਚ ਵੈਂਟੀਲੇਟਰ, ਡਿਫੀਬਰੀਲੇਟਰ, ਕਾਰਡਿਕ ਮਾਨੀਟਰ, ਸੈਂਟਰਲ ਆਕਸੀਜਨ ਆਦਿ ਸਮੱਗਰੀਆਂ ਨਾਲ ਲੈਸ ਕੀਤਾ ਗਿਆ ਸੀ। ਅੱਜ 10 ਸਾਲ ਬੀਤਣ ਤੋਂ ਬਾਅਦ ਵੀ ਇਹ ਟਰੋਮਾ ਸੈਂਟਰ ਸ਼ੁਰੂ ਨਹੀਂ ਹੋ ਸਕਿਆ। ਵੈਂਟੀਲੇਟਰ ਧੂੜ ਫੱਕ ਰਹੇ ਹਨ ਅਤੇ ਹੋਰ ਇਲਾਜ ਸਮੱਗਰੀ ਆਪਣੀ ਉਮਰ ਪੂਰੀ ਕਰ ਚੁੱਕੇ ਹਨ। ਸਿਰਫ ਇਸ ਲਈ ਕਿਉਂਕਿ ਸਰਕਾਰ ਨੇ ਕਰੋਡ਼ਾਂ ਰੁਪਏ ਬਰਬਾਦ ਕਰ ਕੇ ਸਾਮਾਨ ਤਾਂ ਭੇਜਿਆ ਪਰ ਡਾਕਟਰਸ ਦੀ ਵਿਵਸਥਾ ਨਹੀਂ ਕੀਤੀ ਗਈ।

ਹੁਣ ਸਿਹਤ ਵਿਭਾਗ ਦੁਬਾਰਾ ਵੈਂਟੀਲੇਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਵੈਂਟੀਲੇਟਰਸ ਨੂੰ ਚਲਾਉਣ ਲਈ 24 ਘੰਟੇ ਸਟਾਫ ਦੀ ਉਪਲੱਬਧਤਾ ਲਾਜ਼ਮੀ ਹੈ। ਜੂਨੀਅਰ ਰੈਜ਼ੀਡੈਂਟ ਡਾਕਟਰ, ਐਨੇਸਥੀਸੀਆ ਡਾਕਟਰ, ਆਰਥੋ ਡਾਕਟਰ ਅਤੇ ਨਰਸਿੰਗ ਸਟਾਫ ਦੀ ਇਕ ਵੱਡੀ ਟੀਮ ਚਾਹੀਦੀ ਹੈ, ਜੋ ਹਰ ਵੇਲੇ ਵੈਂਟੀਲੇਟਰ ਦੇ ਆਲੇ-ਦੁਆਲੇ ਰਹਿ ਕੇ ਮਰੀਜ਼ ਦੀ ਦੇਖਭਾਲ ਕਰੇ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਸਟਾਫ ਦੀ ਕਾਫੀ ਕਮੀ ਹੈ। ਅਜਿਹੇ ਵਿਚ ਇਲਾਜ ਸਮੱਗਰੀਆਂ ਦਾ ਬੋਝ ਵਧਾਉਣ ਦਾ ਕੀ ਲਾਭ?

ਪੈਸੇ ਦੀ ਕਮੀ ਕਾਰਣ ਵੈਂਟੀਲੇਟਰ ਦੀ ਨਹੀਂ ਹੋ ਰਹੀ ਦੇਖਭਾਲ

ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਚ ਤਕਰੀਬਨ ਸਾਰੇ ਲੈਬਾਰਟਰੀ ਟੈਸਟ ਫ੍ਰੀ ਕਰ ਦਿੱਤੇ ਹਨ। ਦਵਾਈਆਂ ਵੀ ਇੱਥੇ ਫ੍ਰੀ ਮਿਲਦੀਆਂ ਹਨ। ਹਾਲਾਂਕਿ ਦਵਾਈਆਂ ਦੀ ਕਾਫੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ। ਅਜਿਹੇ ਵਿਚ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਯੂਜ਼ਰ ਚਾਰਜਿਜ਼ ਦੀ ਨਸ਼ੇ ਵਿਚ ਪ੍ਰਾਪਤ ਹੋਣ ਵਾਲੀ ਕਮਾਈ ਵਿਚ ਭਾਰੀ ਕਮੀ ਆਈ ਹੈ। ਜੇਕਰ ਨਵੇਂ ਵੈਂਟੀਲੇਟਰਸ ਇੰਸਟਾਲ ਵੀ ਕਰ ਦਿੱਤੇ ਜਾਂਦੇ ਹਨ ਤਾਂ ਇਨ੍ਹਾਂ ਦੀ ਮੇਨਟੀਨੈਂਸ ਵਿਚ ਖਰਚ ਹੋਣ ਵਾਲਾ ਪੈਸਾ ਕਿੱਥੋਂ ਆਵੇਗਾ? ਹਸਪਤਾਲ ਪ੍ਰਸ਼ਾਸਨ ਪਹਿਲਾਂ ਹੀ ਕਾਫ਼ੀ ਸਾਮਾਨ ਉਧਾਰ ਵਿਚ ਲੈ ਕੇ ਹਸਪਤਾਲ ਦਾ ਕੰਮ ਚਲਾ ਰਿਹਾ ਹੈ। ਉਧਾਰ ਦੇ ਸਾਮਾਨ ਨਾਲ ਇਹ ਹਸਪਤਾਲ ਕਦੋਂ ਤੱਕ ਚੱਲੇਗਾ?

ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੀ ਕਈ ਵਾਰ ਸਟਾਫ ਦੀ ਕਮੀ ਸਬੰਧੀ ਸੌਂਪ ਚੁੱਕਿਐ ਮੰਗ-ਪੱਤਰ

ਸਿਵਲ ਹਸਪਤਾਲ ਵਿਚ ਸਟਾਫ ਦੀ ਭਾਰੀ ਕਮੀ ਦੇ ਚਲਦੇ ਕਈ ਵਾਰ ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਤ ਰਾਕੇਸ਼ ਸ਼ਰਮਾ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਨੂੰ ਕਈ ਵਾਰ ਮੰਗ-ਪੱਤਰ ਵੀ ਸੌਂਪ ਚੁੱਕੇ ਹਨ। ਰਾਕੇਸ਼ ਸ਼ਰਮਾ ਵੱਲੋਂ ਸਟਾਫ ਦੀ ਕਮੀ ਦੇ ਚਲਦੇ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਸਬੰਧੀ ਸਰਕਾਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਉਕਤ ਹਸਪਤਾਲ ਵਿਚ ਸਟਾਫ ਦੀ ਕਮੀ ਨੂੰ ਦੂਰ ਨਹੀਂ ਕਰ ਰਹੀ ਹੈ।

ਮੈਨ ਪਾਵਰ ਅਤੇ ਸਪੇਸ ਦੇ ਬਿਨਾਂ ਵੇਂਟੀਲੇਟਰ ਇੰਸਟਾਲ ਕਰਨਾ ਸੰਭਵ ਨਹੀਂ। ਅਸੀ ਵੀ ਚਾਹੁੰਦੇ ਹਾਂ ਕਿ ਸਿਵਲ ਹਸਪਤਾਲ ਵਿਚ ਵੈਂਟੀਲੇਟਰ ਇੰਸਟਾਲ ਹੋਣ, ਤਾਂਕਿ ਲੋਕਾਂ ਨੂੰ ਸਹੂਲਤ ਮਿਲ ਸਕੇ। ਵੈਂਟੀਲੇਟਰਸ ਇੰਸਟਾਲ ਕਰਨ ਲਈ ਵੱਖ ਤੋਂ ਬਿਲਡਿੰਗ ਬਣਾਈ ਜਾਵੇ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਵੈਂਟੀਲੇਟਰਸ ਚਲਾਉਣ ਲਈ ਸਟਾਫ ਦੀ ਵਿਵਸਥਾ ਕੀਤੀ ਜਾਵੇ।

–ਡਾ. ਰਾਜਿੰਦਰ ਅਰੋਡ਼ਾ, ਸੀਨੀਅਰ ਮੈਡੀਕਲ ਅਧਿਕਾਰੀ।


Bharat Thapa

Content Editor

Related News