ਮੁਟਿਆਰਾਂ ਨੂੰ ਸਿੰਪਲ-ਸੋਬਰ ਲੁਕ ਦੇ ਰਹੇ ਸਲਵਾਰ-ਸੂਟ
Friday, Oct 24, 2025 - 10:17 AM (IST)
ਮੁੰਬਈ- ਭਾਰਤੀ ਪਹਿਰਾਵਿਆਂ ਵਿਚ ਸਲਵਾਰ ਸੂਟ ਦੀ ਥਾਂ ਹਮੇਸ਼ਾ ਖਾਸ ਰਹੀ ਹੈ। ਇਹ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਹਨ ਕਿਉਂਕਿ ਇਹ ਕੈਜੂਅਲ ਤੋਂ ਲੈ ਕੇ ਵਿਆਹ, ਮਹਿੰਦੀ, ਪਾਰਟੀ ਵਰਗੇ ਖਾਸ ਮੌਕਿਆਂ ’ਤੇ ਹਰ ਥਾਂ ਫਿਟ ਬੈਠਦੇ ਹਨ।
ਬਾਜ਼ਾਰ ਵਿਚ ਪਲੇਅਰ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ, ਗਰਾਰਾ ਸੂਟ ਵਰਗੇ ਅਨੇਕਾਂ ਬਦਲ ਮਹੁੱਈਆ ਹੋਣ ਦੇ ਬਾਵਜੂਦ ਸਲਵਾਰ ਸੂਟ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ। ਇਹ ਸੂਟ ਹਮੇਸ਼ਾ ਟਰੈਂਡ ਵਿਚ ਰਹਿੰਦੇ ਹਨ। ਇਸਦਾ ਮੁੱਖ ਕਾਰਨ ਹੈ ਇਸਦੀ ਸਿੰਪਲ ਅਤੇ ਸੋਬਰ ਲੁਕ, ਜੋ ਹਰ ਉਮਰ ਦੀ ਮੁਟਿਆਰ ਦੀ ਪਸੰਦ ਬਣਿਆ ਹੋਇਆ ਹੈ। ਸਲਵਾਰ ਸੂਟ ਵਿਚ ਡਿਜ਼ਾਈਨ ਦੀ ਕੋਈ ਕਮੀ ਨਹੀਂ ਹੈ। ਇਸ ਵਿਚ ਕੁੜਤੀ ਸ਼ਾਰਟ, ਮੀਡੀਅਮ, ਲਾਂਗ ਅਤੇ ਫਰਾਕ ਸਟਾਈਲ ਵਿਚ ਆਉਂਦੀ ਹੈ। ਇਸ ਵਿਚ ਨੈੱਟ ਵਰਕ, ਕਢਾਈ, ਗੋਟਾ-ਪੱਟੀ, ਮਿਰਰ ਵਰਕ, ਚਿਕਨਕਰੀ ਵਰਗੇ ਕੰਮ ਦੇਖਣ ਨੂੰ ਮਿਲਦੇ ਹਨ। ਸਲੀਵਸ ਵਿਚ ਸਲੀਵਲੈੱਸ, ਫੁੱਲ ਸਲੀਵਸ, ਬੇਲ ਸਲੀਵਸ, ਅੰਬ੍ਰੇਲਾ ਸਲੀਵਸ ਵਰਗੇ ਬਦਲ ਹਨ। ਇਸ ਵਿਚ ਬਾਟਮ ਭਾਵ ਸਲਵਾਰ ਵੀ ਕਈ ਡਿਜ਼ਾਈਨ ਵਰਗੇ ਸਿੰਪਲ ਸਲਵਾਰ, ਪਟਿਆਲਾ ਸਲਵਾਰ, ਅਫਗਾਨੀ ਸਲਵਾਰ, ਸੈਮੀ ਪਟਿਆਲਾ, ਚੌੜੇ ਪੋਂਚੇ ਵਾਲੀ ਡਿਜ਼ਾਈਨਰ ਸਲਵਾਰ ਆਦਿ ਡ੍ਰੈਸਿੰਗ ਵਿਚ ਆਉਂਦੀ ਹੈ। ਹਰ ਸੂਟ ’ਚ ਕੁੜਤੀ, ਸਲਵਾਰ ਅਤੇ ਦੁਪੱਟਾ ਤਿੰਨਾਂ ਦਾ ਸੁਮੇਲ ਹੁੰਦਾ ਹੈ।
ਮੁਟਿਆਰਾਂ ਸਲਵਾਰ ਸੂਟ ਵਿਚ ਵੱਖਰੇ-ਵੱਖਰੇ ਸਟਾਈਲ ਪਸੰਦ ਕਰਦੀਆਂ ਹਨ। ਕੁਝ ਪਲੇਨ ਕੁੜਤੀ ਨਾਲ ਪ੍ਰਿੰਟਿਡ ਸਲਵਾਰ ਪਹਿਨਦੀ ਹਨ, ਤਾਂ ਕੁਝ ਪ੍ਰਿੰਟਿਡ ਕੁੜਤੀ ਨਾਲ ਪਲੇਨ ਸਲਵਾਰ। ਆਲ-ਓਵਰ ਪ੍ਰਿੰਟਿਡ ਸੂਟ ਵੀ ਬਹੁਤ ਲੋਕਪ੍ਰਿਯ ਹਨ। ਕੁਝ ਪਲੇਨ ਸੂਟ ਨੂੰ ਹੈਵੀ ਵਰਕ ਵਾਲੇ ਦੁਪੱਟੇ ਨਾਲ ਸਟਾਈਲ ਕਰਦੀਆਂ ਹਨ। ਕਾਟਨ ਦੇ ਹਲਕੇ ਸੂਟ ਰੋਜ਼ਾਨਾ ਲਈ, ਜਦਕਿ ਸਿਲਕ ਜਾਂ ਜਾਰਜੈੱਟ ਦੇ ਹੈਵੀ ਸੂਟ ਖਾਸ ਮੌਕਿਆਂ ਲਈ ਪਸੰਦ ਕੀਤੇ ਜਾਂਦੇ ਹਨ। ਕੈਜੂਅਲ ਮੌਕਿਆਂ ’ਤੇ ਕਾਟਨ ਦਾ ਪਲੇਨ ਜਾਂ ਲਾਈਟ ਪ੍ਰਿੰਟਿਡ ਸੂਟ ਫਲੈਟ ਸੈਂਡਲ ਨਾਲ ਚੰਗਾ ਲੱਗਦਾ ਹੈ। ਵਿਆਹ ਜਾਂ ਪਾਰਟੀ ਵਿਚ ਹੈਵੀ ਕਢਾਈ ਅਤੇ ਬਨਾਰਸੀ ਦੁਪੱਟੇ ਵਾਲੇ ਸਲਵਾਰ ਸੂਟ ਹਾਈ ਹੀਲਸ ਨਾਲ ਮੁਟਿਆਰਾਂ ਨੂੰ ਰਾਇਲ ਲੁਕ ਦਿੰਦੇ ਹਨ। ਸ਼ਾਪਿੰਗ, ਆਊਟਿੰਗ, ਦਫਤਰ ਜਾਂ ਕਾਲਜ ਲਈ ਸ਼ਾਰਟ ਕੁੜਤੀ ਅਤੇ ਪਟਿਆਲਾ ਸਲਵਾਰ ਕੋਲਹਾਪੁਰੀ ਚੱਪਲ ਨਾਲ ਸੂਟ ਕਰਦੀ ਹੈ।
ਸੂਟ ਨੂੰ ਪੂਰੀ ਲੁਕ ਦੇਣ ਵਿਚ ਅਸੈੱਸਰੀਜ਼ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਝੁਮਕੇ, ਲੰਬੀ ਚੇਨ, ਚੂੜੀਆਂ, ਮਾਂਗ ਟਿੱਕਾ ਵਰਗੇ ਗਹਿਣੇ ਸੂਟ ਦੀ ਸ਼ੋਭਾ ਵਧਾਉਂਦੇ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰ, ਲੂਜ ਵੇਵਸ, ਹਾਫ ਪੋਨੀ, ਪਰਾਂਦਾ ਗੁੱਤ ਵਰਗੇ ਬਦਲ ਹਨ। ਸਲਵਾਰ ਸੂਟ ਸਿਰਫ ਇਕ ਪਹਿਰਾਵਾ ਨਹੀਂ ਸਗੋਂ ਭਾਰਤੀ ਰਵਾਇਤ ਅਤੇ ਆਧੁਨਿਕਤਾ ਦਾ ਸੁੰਦਰ ਸੁਮੇਲ ਹੈ। ਇਹ ਮੁਟਿਆਰਾਂ ਨੂੰ ਨਾ ਸਿਰਫ ਖੂਬਸੂਰਤ ਬਣਾਉਂਦੇ ਹਨ ਸਗੋਂ ਪਹਿਨਣ ਵਿਚ ਕੰਫਰਟੇਬਲ ਵੀ ਹੁੰਦੇ ਹਨ।
