ਮਾਡਲਾਂ ’ਚ ਛਾਇਆ ਡਿਜ਼ਾਈਨਰ ਬਾਟਮਜ਼ ਦਾ ਟ੍ਰੈਂਡ
Tuesday, Sep 02, 2025 - 10:32 AM (IST)

ਇਨ੍ਹੀਂ ਦਿਨੀਂ ਫ਼ੈਸ਼ਨ ਦੀ ਦੁਨੀਆ ’ਚ ਡਿਜ਼ਾਈਨਰ ਬਾਟਮਜ਼ ਦਾ ਟ੍ਰੈਂਡ ਮੁਟਿਆਰਾਂ ’ਚ ਛਾਇਆ ਹੋਇਆ ਹੈ। ਸਕਰਟ, ਪੈਂਟ, ਜੀਨਸ, ਲੈਗਿੰਗਜ਼, ਪਲਾਜ਼ੋ, ਫਲੇਅਰ ਆਦਿ ’ਚ ਵੱਖ-ਵੱਖ ਤਰ੍ਹਾਂ ਦੇ ਲੈਸ, ਫਰਿਲ ਜਾਂ ਕੱਟ ਡਿਜ਼ਾਈਨਾਂ ਨੂੰ ਵੇਖਿਆ ਜਾ ਸਕਦਾ ਹੈ, ਜੋ ਨਾ ਸਿਰਫ ਇਨ੍ਹਾਂ ਬਾਟਮਜ਼ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹਨ, ਸਗੋਂ ਹਰ ਮੌਕੇ ਲਈ ਕਈ ਮੁਟਿਆਰਾਂ, ਮਾਡਲਾਂ ਅਤੇ ਅਭਿਨੇਤਰੀਆਂ ਨੂੰ ਇਕ ਪਰਫੈਕਟ ਲੁਕ ਵੀ ਦਿੰਦੇ ਹਨ।
ਡਿਜ਼ਾਈਨਰ ਬਾਟਮਜ਼ ਮੁਟਿਆਰਾਂ ਦਾ ਖਾਸ ਕਰ ਕੇ ਮਾਡਲਾਂ ਅਤੇ ਅਭਿਨੇਤਰੀਆਂ ਦੇ ਫ਼ੈਸ਼ਨ ਸਟੇਟਮੈਂਟ ਦਾ ਅਹਿਮ ਹਿੱਸਾ ਬਣ ਗਏ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਵੱਖ-ਵੱਖ ਤਰ੍ਹਾਂ ਦੇ ਟਾਪਜ਼ ਦੇ ਨਾਲ ਡਿਜ਼ਾਈਨਰ ਬਾਟਮਜ਼ ’ਚ ਵੇਖਿਆ ਜਾ ਸਕਦਾ ਹੈ। ਸਕਰਟਸ ਹਮੇਸ਼ਾ ਤੋਂ ਹੀ ਫ਼ੈਸ਼ਨ ’ਚ ਰਹੀਆਂ ਹਨ ਪਰ ਅੱਜ-ਕੱਲ ਹਾਈ-ਵੇਸਟ, ਪਲੀਟਿਡ, ਮਿਨੀ, ਮਿੱਡੀ ਅਤੇ ਮੈਕਸੀ ਸਕਰਟਸ ਦਾ ਟ੍ਰੈਂਡ ਜ਼ੋਰਾਂ ’ਤੇ ਹੈ। ਫਲੋਰਲ ਪ੍ਰਿੰਟ, ਸਾਲਿਡ ਕਲਰ ਅਤੇ ਲੈਸ ਡਿਟੇਲਿੰਗ ਵਾਲੀਆਂ ਸਕਰਟਸ ਕਾਲਜ, ਆਫਿਸ ਜਾਂ ਕੈਜ਼ੂਅਲ ਆਊਟਿੰਗ ਲਈ ਬੈਸਟ ਹਨ। ਖਾਸ ਕਰ ਕੇ ਏ-ਲਾਈਨ ਅਤੇ ਫਲੇਅਰ ਸਕਰਟਸ, ਜੋ ਹਰ ਬਾਡੀ ਟਾਈਪ ਨੂੰ ਸੂਟ ਕਰਦੀਆਂ ਹਨ, ਮੁਟਿਆਰਾਂ ਦੀ ਵਾਰਡਰੋਬ ’ਚ ਖਾਸ ਜਗ੍ਹਾ ਬਣਾ ਰਹੀਆਂ ਹਨ। ਇਨ੍ਹਾਂ ਨੂੰ ਕ੍ਰਾਪ ਟਾਪ ਜਾਂ ਸ਼ਰਟ ਨਾਲ ਪੇਅਰ ਕਰ ਕੇ ਸਟਾਈਲਿਸ਼ ਲੁਕ ਪਾਇਆ ਜਾ ਸਕਦਾ ਹੈ।
ਹਾਈ-ਵੇਸਟ ਸਿਗਰਟ ਪੈਂਟ, ਸਟ੍ਰੇਟ-ਫਿਟ ਜੀਨਸ ਅਤੇ ਰਿਪਡ ਜੀਨਸ ਅੱਜ-ਕੱਲ ਟ੍ਰੈਂਡ ’ਚ ਹਨ। ਇਹ ਬਾਟਮਜ਼ ਨਾ ਸਿਰਫ ਕੰਫਰਟੇਬਲ ਹਨ, ਸਗੋਂ ਸਟਾਈਲ ’ਚ ਵੀ ਅੱਵਲ ਹਨ। ਡੈਨਿਮ ਜੀਨਸ ’ਚ ਫਰਿੰਜ, ਪੈਚਵਰਕ ਅਤੇ ਡਿਸਟ੍ਰੈੱਸਡ ਡਿਜ਼ਾਈਨ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਉੱਥੇ ਹੀ, ਫਾਰਮਲ ਲੁਕ ਲਈ ਹਾਈ-ਵੇਸਟ ਪੈਂਟਸ ਨੂੰ ਬਲੇਜ਼ਰ ਜਾਂ ਫਾਰਮਲ ਸ਼ਰਟਸ ਨਾਲ ਪਹਿਨ ਕੇ ਸਮਾਰਟ ਅਤੇ ਪ੍ਰੋਫੈਸ਼ਨਲ ਲੁਕ ਕ੍ਰੀਏਟ ਕੀਤੀ ਜਾ ਸਕਦੀ ਹੈ। ਲੈਗਿੰਗਜ਼ ਆਪਣੀ ਸਾਦਗੀ ਅਤੇ ਆਰਾਮ ਕਾਰਨ ਹਮੇਸ਼ਾ ਤੋਂ ਪਸੰਦ ਕੀਤੀਆਂ ਜਾਂਦੀਆਂ ਹਨ। ਅੱਜ-ਕੱਲ ਪ੍ਰਿੰਟਿਡ, ਲੈਦਰ-ਲੁਕ ਅਤੇ ਐੱਨ. ਕੱਟ ਲੈਗਿੰਗਸ ਦਾ ਰੁਝਾਨ ਹੈ। ਇਹ ਕੁੜਤੀ, ਟਿਊਨਿਕ ਜਾਂ ਲਾਂਗ ਟਾਪ ਦੇ ਨਾਲ ਪਰਫੈਕਟ ਲੱਗਦੀਆਂ ਹਨ।
ਪਲਾਜ਼ੋ ਪੈਂਟਸ ਆਪਣੀ ਢਿੱਲੀ ਫਿਟਿੰਗ ਅਤੇ ਫਲੋਈ ਲੁਕ ਕਾਰਨ ਮੁਟਿਆਰਾਂ ਵਿਚ ਹਿਟ ਹਨ। ਇਹ ਹਰ ਮੌਸਮ ’ਚ ਪਹਿਨੇ ਜਾ ਸਕਦੇ ਹਨ ਅਤੇ ਕੁੜਤੀ, ਕ੍ਰਾਪ ਟਾਪ ਜਾਂ ਸ਼ਾਰਟ ਟਾਪ ਦੇ ਨਾਲ ਸ਼ਾਨਦਾਰ ਲੱਗਦੇ ਹਨ। ਫਲੋਰਲ, ਜਿਓਮੈਟਰਿਕ ਪ੍ਰਿੰਟ ਅਤੇ ਸਾਲਿਡ ਕਲਰ ਦੇ ਪਲਾਜ਼ੋ ’ਚ ਲੈਸ ਬਾਰਡਰ ਜਾਂ ਫਲੇਅਰ ਕੱਟ ਡਿਜ਼ਾਈਨ ਖਾਸ ਟ੍ਰੈਂਡ ’ਚ ਹਨ। ਇਹ ਖਾਸ ਕਰ ਕੇ ਸਮਰ ਅਤੇ ਮਾਨਸੂਨ ਸੀਜ਼ਨ ’ਚ ਕੰਫਰਟ ਅਤੇ ਸਟਾਈਲ ਦਾ ਬਿਹਤਰੀਨ ਕੰਬੀਨੇਸ਼ਨ ਹਨ।
ਫਲੇਅਰ ਬਾਟਮਜ਼, ਜਿਵੇਂ ਪਲਾਜ਼ੋ ਅਤੇ ਫਲੇਅਰ ਜੀਨਸ, ਇਸ ਸਮੇਂ ਫ਼ੈਸ਼ਨ ਦੀ ਦੁਨੀਆ ’ਚ ਛਾਏ ਹੋਏ ਹਨ। ਇਨ੍ਹਾਂ ਦਾ ਵਾਈਡ-ਲੈੱਗ ਡਿਜ਼ਾਈਨ ਰੈਟਰੋ ਅਤੇ ਮਾਡਰਨ ਲੁਕ ਦਾ ਮਿਸ਼ਰਣ ਦਿੰਦਾ ਹੈ। ਉੱਥੇ ਹੀ, ਲੈਸ ਡਿਟੇਲਿੰਗ ਵਾਲੇ ਬਾਟਮਜ਼, ਜਿਵੇਂ ਲੈਸ ਬਾਰਡਰ ਵਾਲੀ ਸਕਰਟ ਜਾਂ ਪਲਾਜ਼ੋ, ਪਾਰਟੀ ਅਤੇ ਫੈਸਟੀਵਲ ਲੁਕ ਲਈ ਪਰਫੈਕਟ ਹਨ। ਲੈਸ ਵਰਕ ਨਾ ਸਿਰਫ ਐਲੀਗੈਂਟ ਟੱਚ ਦਿੰਦਾ ਹੈ, ਸਗੋਂ ਬਾਟਮਜ਼ ਨੂੰ ਯੂਨੀਕ ਅਤੇ ਆਕਰਸ਼ਕ ਵੀ ਬਣਾਉਂਦਾ ਹੈ।