ਘਰ ''ਚ ਆਸਾਨ ਤਰੀਕੇ ਨਾਲ ਬਣਾਓ ਸਾਬੂਦਾਣਾ-ਆਲੂ ਪਰੌਂਠਾ, ਜਾਣੋ ਪੂਰੀ ਵਿਧੀ
Friday, Oct 16, 2026 - 02:08 PM (IST)
ਵੈੱਬ ਡੈਸਕ - ਭਿੱਜੇ ਹੋਏ ਸਾਬੂਦਾਣੇ, ਉੱਬਲੇ ਆਲੂ, ਭੁੰਨੀ ਮੂੰਗਫਲੀ ਅਤੇ ਹਲਕੇ ਦੇਸੀ ਮਸਾਲਿਆਂ ਤੋਂ ਤਿਆਰ ਇਹ ਪਰੌਂਠਾ ਬਾਹਰ ਤੋਂ ਕ੍ਰਿਸਪੀ ਅਤੇ ਅੰਦਰ ਤੋਂ ਸੋਫਟ ਹੁੰਦਾ ਹੈ। ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ ਅਤੇ ਇਹ ਵਰਤ ਦੌਰਾਨ ਤੁਹਾਨੂੰ ਦਿਨ ਭਰ ਐਨਰਜੈਟਿਕ ਵੀ ਰੱਖਦਾ ਹੈ।
ਸਮੱਗਰੀ :
1 ਕੱਪ ਸਾਬੂਦਾਣਾ, 2 ਉਬਲੇ ਹੋਏ ਆਲੂ, 1/2 ਟੀ-ਸਪੂਨ ਜੀਰਾ ਪਾਊਡਰ, 3 ਟੇਬਲ-ਸਪੂਨ ਭੁੰਨੀ ਹੋਈ ਮੂੰਗਫਲੀ, 1/2 ਟੀ-ਸਪੂਨ ਕੱਦੂਕਸ ਕੀਤਾ ਹੋਇਆ ਅਦਰਕ, 1/4 ਕੱਪ ਬਾਰੀਕ ਕੱਟਿਆ ਹਰਾ ਧਨੀਆ, 1 ਟੀ-ਸਪੂਨ ਨਿੰਬੂ ਦਾ ਰਸ, 1 ਟੀ-ਸਪੂਨ ਚੀਨੀ ਦਾ ਬੂਰਾ, ਸੇਂਧਾ ਨਮਕ ਸੁਆਦ ਅਨੁਸਾਰ, ਸੋਂਕਣ ਲਈ ਤੇਲ।
ਵਿਧੀ
ਸਾਬੂਦਾਣਾ ਪਰੌਂਠਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਬੂਦਾਨੇ ਨੂੰ ਚੰਗੀ ਤਰ੍ਹਾਂ ਧੋ ਕੇ ਲਗਭਗ 2-3 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖ ਦਿਓ। ਤੈਅ ਸਮੇਂ ਬਾਅਦ ਸਾਬੂਦਾਨੇ ਦਾ ਸਾਰਾ ਪਾਣੀ ਕੱਢ ਦਿਓ। ਹੁਣ ਉਬਲੇ ਹੋਏ ਆਲੂ ਨੂੰ ਛਿੱਲ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿੱਚ ਭਿੱਜਾ ਹੋਇਆ ਸਾਬੂਦਾਣਾ ਪਾ ਕੇ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਵਿਚ ਜੀਰਾ ਪਾਊਡਰ, ਭੁੰਨੀ ਹੋਈ ਮੂੰਗਫਲੀ, ਕੱਦੂਕਸ ਕੀਤਾ ਹੋਇਆ ਅਦਰਕ, ਹਰਾ ਧਨੀਆ, ਨਿੰਬ ਦਾ ਰਸ, ਚੀਨੀ ਦਾ ਬੂਰਾ ਅਤੇ ਸੇਂਧਾ ਨਮਕ ਪਾਓ । ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਨਰਮ ਮਿਸ਼ਰਣ ਤਿਆਰ ਕਰ ਲਓ।
ਹੁਣ ਹੱਥਾਂ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਮਿਸ਼ਰਣ ਦਾ ਇਕ ਹਿੱਸਾ ਲੈ ਕੇ ਹਥੇਲੀਆਂ ਦੇ ਵਿਚਕਾਰ ਰੱਖੋ। ਇਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਰੌਂਠੇ ਦਾ ਆਕਾਰ ਦਿਓ। ਧਿਆਨ ਰੱਖੋ ਕਿ ਪਰੌਂਠਾ ਬਹੁਤ ਜ਼ਿਆਦਾ ਪਤਲਾ ਨਾ ਹੋਵੇ, ਨਹੀਂ ਤਾਂ ਇਸ ਨੂੰ ਤਵੇ 'ਤੇ ਪਲਟਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਹੁਣ ਮੀਡੀਅਮ ਸੇਕ 'ਤੇ ਤਵਾ ਗਰਮ ਕਰੋ । ਤਵਾ ਗਰਮ ਹੋਣ 'ਤੇ ਤਿਆਰ ਪਰੌਂਠੇ ਨੂੰ ਸਾਵਧਾਨੀ ਨਾਲ ਉਸ 'ਤੇ ਰੱਖੋ। ਉੱਪਰੋਂ ਥੋੜ੍ਹਾ ਤੇਲ ਲਗਾਓ ਅਤੇ ਇਕ ਪਾਸੇ ਤੋਂ ਚੰਗੀ ਤਰ੍ਹਾਂ ਗਰਮ ਹੋਣ ਦਿਓ। ਇਸ ਤੋਂ ਬਾਅਦ ਪਰੌਂਠੇ ਨੂੰ ਪਲਟ ਕੇ ਦੂਜੇ ਪਾਸੇ ਤੋਂ ਵੀ ਸੁਨਹਿਰੀ ਅਤੇ ਹਲਕਾ ਕੁਰਕੁਰਾ ਹੋਣ ਤੱਕ ਸੇਕ ਲਓ। ਇਸੇ ਤਰ੍ਹਾਂ ਬਾਕੀ ਮਿਸ਼ਰਣ ਤੋਂ ਵੀ ਪਰੌਂਠੇ ਤਿਆਰ ਕਰ ਲਓ।
