ਘਰ ''ਚ ਬਣਾਓ ਬਾਜ਼ਾਰ ਵਰਗੇ ਗੁਲਾਬ ਜਾਮਨ, ਮਿਲਣਗੀਆਂ ਤਾਰੀਫਾਂ
Saturday, Aug 03, 2024 - 04:38 PM (IST)
ਜਲੰਧਰ- ਸਵੀਟ ਡਿਸ਼ ਨੂੰ ਲੈ ਕੇ ਹਰ ਵਿਅਕਤੀ ਦੀ ਆਪਣੀ ਪਸੰਦ ਹੁੰਦੀ ਹੈ। ਖੁਸ਼ੀ ਦੇ ਮੌਕੇ ਜਾਂ ਤਿਉਹਾਰੀ ਸੀਜ਼ਨ 'ਤੇ ਕੁਝ ਨਾ ਕੁਝ ਮਿੱਠਾ ਖਾਧਾ ਜਾਂਦਾ ਹੈ। ਪਰ ਅੱਜ-ਕਲ੍ਹ ਬਾਜ਼ਾਰੀ ਮਠਿਆਈ 'ਚ ਬਹੁਤ ਮਿਲਾਵਟ ਪਾਈ ਜਾਂਦੀ ਹੈ , ਜਿਸ ਨੂੰ ਖਾਣ ਨਾਲ ਸਾਡੇ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਘਰ 'ਚ ਹੀ ਇਕ ਮਠਿਆਈ ਗੁਲਾਬ ਜਾਮਨ ਬਣਾਉਣੇ ਦੱਸ ਰਹੇ ਹਾਂ।
ਗੁਲਾਬ ਜਾਮਨ ਲਈ ਸਮੱਗਰੀ
- 100 ਗ੍ਰਾਮ ਮਾਵਾ (ਖੋਇਆ)
- ਇਕ ਵੱਡਾ ਚਮਚਾ ਮੈਦਾ
- ਇਕ ਚੌਥਾਈ ਬੇਕਿੰਗ ਸੋਡਾ
- ਘਿਓ ਤਲਣ ਲਈ
ਚਾਸ਼ਨੀ ਲਈ ਸਮੱਗਰੀ
- ਦੋ ਕੱਪ ਚੀਨੀ
- ਦੋ ਵੱਡੇ ਚਮਚੇ ਦੁੱਧ (ਥੋੜ੍ਹਾ ਪਾਣੀ ਮਿਲਿਆ ਹੋਇਆ)
- ਚਾਰ ਹਰੀਆਂ ਇਲਾਇਚੀਆਂ (ਪੀਸੀਆਂ ਹੋਈਆਂ)
- ਦੋ ਕੱਪ ਪਾਣੀ
ਗੁਲਾਬ ਜਾਮਨ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਭਾਂਡੇ 'ਚ ਮਾਵਾ ਲਓ। ਹੁਣ ਇਸ 'ਚ ਬੇਕਿੰਗ ਸੋਡਾ ਅਤੇ ਮੈਦਾ ਮਿਲਾ ਕੇ ਗੁੰਨੋ। ਧਿਆਨ ਰਹੇ ਕਿ ਮੈਦਾ ਸੁੱਕਾ ਨਹੀਂ ਰਹਿਣਾ ਚਾਹੀਦਾ। ਜੇ ਮੈਦਾ ਸੁੱਕਾ ਲੱਗ ਰਿਹਾ ਹੋਵੇ ਤਾਂ ਹੱਥਾਂ ਨੂੰ ਪਾਣੀ ਨਾਲ ਗਿੱਲਾ ਕਰ ਕੇ ਫਿਰ ਗੁੰਨੋ।
2. ਇਸ ਦੇ ਬਰਾਬਰ ਆਕਾਰ ਦੇ ਪੇੜੇ ਬਣਾ ਲਓ।
3. ਹੁਣ ਗੈਸ 'ਤੇ ਇਕ ਕੜਾਹੀ 'ਚ ਘਿਓ ਗਰਮ ਕਰੋ।
4. ਘਿਓ ਗਰਮ ਹੋਣ 'ਤੇ ਗੈਸ ਹੌਲੀ ਕਰ ਕੇ ਇਕ-ਇਕ ਕਰ ਕੇ ਪੇੜਾ ਇਸ 'ਚ ਪਾਓ।
5. ਇਨ੍ਹਾਂ ਪੇੜਿਆਂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਭੁੰਨੋ।
6. ਹੁਣ ਇਨ੍ਹਾਂ ਨੂੰ ਇਕ ਪਲੇਟ 'ਚ ਕੱਢ ਲਓ।
ਚਾਸ਼ਨੀ ਬਣਾਉਣ ਦੀ ਵਿਧੀ
1. ਚਾਸ਼ਨੀ ਲਈ ਇਕ ਭਾਂਡੇ 'ਚ ਚੀਨੀ ਅਤੇ ਪਾਣੀ ਪਾ ਕੇ ਹੌਲੀ ਗੈਸ 'ਤੇ ਰੱਖੋ।
2. ਚੀਨੀ ਘੁਲਣ ਤੱਕ ਇਸ ਨੂੰ ਪਕਾਓ।
3. ਜਦੋਂ ਚੀਨੀ ਘੁੱਲ ਜਾਵੇ ਤਾਂ ਗੈਸ ਤੇਜ਼ ਕਰ ਕੇ ਚਾਸ਼ਨੀ ਉਬਾਲੋ। ਇਸ ਨੂੰ ਥੋੜ੍ਹਾ ਗਾੜ੍ਹਾ ਹੋਣ ਤੱਕ ਪਕਾਓ। ਹੁਣ ਗੈਸ ਬੰਦ ਕਰ ਦਿਓ।
4. ਹੁਣ ਇਸ 'ਚ ਪੀਸੀ ਹੋਈ ਇਲਾਇਚੀ ਮਿਲਾਓ ਅਤੇ ਨਾਲ ਹੀ ਗੁਲਾਬ ਜਾਮਨ ਪਾ ਦਿਓ।
5. ਇਨ੍ਹਾਂ ਨੂੰ ਅੱਧਾ ਘੰਟਾ ਚਾਸ਼ਨੀ 'ਚ ਡੁੱਬੇ ਰਹਿਣ ਦਿਓ।
6. ਗਰਮਾ-ਗਰਮ ਗੁਲਾਬ ਜਾਮਨ ਤਿਆਰ ਹਨ।