ਅਰਬੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤਰੀਕਾ
Sunday, May 17, 2026 - 12:49 PM (IST)
ਵੈੱਬ ਡੈਸਕ - ਰਸੋਈ 'ਚ ਹਰ ਰੋਜ਼ ਇਹ ਸਵਾਲ ਉੱਠਦਾ ਹੈ ਕਿ ਅੱਜ ਸਬਜ਼ੀ ਕੀ ਬਣਾਈ ਜਾਵੇ? ਗਰਮੀਆਂ ਦੇ ਦਿਨਾਂ 'ਚ ਅਰਬੀ ਇਕ ਵਧੀਆ ਆਪਸ਼ਨ ਹੈ ਪਰ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਅਰਬੀ ਬਣਾਉਂਦੇ ਸਮੇਂ ਕੜਾਹੀ 'ਚ ਚਿਪਕਣ ਲੱਗਦੀ ਹੈ ਜਾਂ ਲੈਸ ਛੱਡ ਦਿੰਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਅਰਬੀ ਬਣਾਉਣ ਦਾ ਉਹ ਸਹੀ ਅਤੇ ਖ਼ਾਸ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਸਬਜ਼ੀ ਉਂਗਲੀਆਂ ਚੱਟਣ ਲਈ ਮਜਬੂਰ ਕਰ ਦੇਵੇਗੀ।
ਸਬਜ਼ੀ ਬਣਾਉਣ ਲਈ ਸਮੱਗਰੀ
ਅਰਬੀ - 500 ਗ੍ਰਾਮ
ਅਜਵਾਇਣ - 1 ਛੋਟਾ ਚਮਚ (ਸਭ ਤੋਂ ਜ਼ਰੂਰੀ)
ਹਿੰਗ - 1 ਚੁਟਕੀ
ਪਿਆਜ਼, ਅਦਰਕ, ਲਸਣ, ਹਰੀ ਮਿਰਚ (ਬਾਰੀਕ ਕੱਟੇ ਹੋਏ)
ਮਸਾਲੇ - ਹਲਦੀ, ਨਮਕ, ਲਾਲ ਮਿਰਚ, ਗਰਮ ਮਸਾਲਾ, ਧਨੀਆ ਪਾਊਡਰ
ਅੰਬਚੂਰ ਪਾਊਡਰ ਜਾਂ ਨਿੰਬੂ ਦਾ ਰਸ - 1 ਚਮਚ
ਸਰ੍ਹੋਂ ਦਾ ਤੇਲ - ਬਣਾਉਣ ਲਈ
ਬਣਾਉਣ ਦਾ ਤਰੀਕਾ
ਲੈਸ (ਚਿਪਚਿਪਾਹਟ) ਖ਼ਤਮ ਕਰਨ ਦਾ ਸੀਕਰੇਟ
- ਸਭ ਤੋਂ ਪਹਿਲਾਂ ਅਰਬੀ ਨੂੰ ਛਿੱਲ ਕੇ ਗੋਲ ਜਾਂ ਲੰਬੇ ਟੁਕੜਿਆਂ 'ਚ ਕੱਟ ਲਓ। ਹੁਣ ਇਸ ਉੱਪਰ ਅੱਧਾ ਚਮਚ ਨਮਕ ਲਗਾ ਕੇ 15 ਮਿੰਟ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਸੂਤੀ ਕੱਪੜੇ 'ਤੇ ਫੈਲਾ ਕੇ ਪੂਰੀ ਤਰ੍ਹਾਂ ਸੁਕਾ ਲਓ। ਨਮਕ ਲਗਾਉਣ ਨਾਲ ਅਰਬੀ ਦੀ ਸਾਰੀ ਲੈਸ ਬਾਹਰ ਨਿਕਲ ਜਾਂਦੀ ਹੈ।
ਹਲਕਾ ਫਰਾਈ ਕਰੋ
- ਕੜਾਹੀ 'ਚ ਸਰ੍ਹੋਂ ਦਾ ਤੇਲ ਗਰਮ ਕਰੋ ਅਤੇ ਸੁਕਾਈ ਹੋਈ ਅਰਬੀ ਨੂੰ ਮੀਡੀਅਮ ਸੇਕ 'ਤੇ ਹਲਕਾ ਸੁਨਹਿਰੀ ਹੋਣ ਤੱਕ ਫਰਾਈ ਕਰਕੇ ਬਾਹਰ ਕੱਢ ਲਓ। ਇਸ ਸਟੈੱਪ ਨਾਲ ਅਰਬੀ ਬਿਲਕੁਲ ਕੁਰਕੁਰੀ ਬਣਦੀ ਹੈ।
ਅਜਵਾਇਣ ਦਾ ਤੜਕਾ
ਬਚੇ ਹੋਏ ਤੇਲ 'ਚ ਅਜਵਾਇਣ ਅਤੇ ਹਿੰਗ ਪਾਓ। ਹੁਣ ਪਿਆਜ਼, ਅਦਰਕ-ਲਸਣ ਪੇਸਟ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨੋ।
ਮਸਾਲੇ ਅਤੇ ਆਖਰੀ ਟੱਚ
ਤੜਕਾ ਭੁੱਜਣ ਤੋਂ ਬਾਅਦ ਹਲਦੀ, ਨਮਕ, ਲਾਲ ਮਿਰਚ ਅਤੇ ਧਨੀਆ ਪਾਊਡਰ ਮਿਲਾਓ। ਹੁਣ ਇਸ 'ਚ ਫਰਾਈ ਕੀਤੀ ਅਰਬੀ ਪਾ ਕੇ ਮਿਕਸ ਕਰੋ ਅਤੇ ਢੱਕ ਕੇ 5 ਮਿੰਟ ਲਈ ਘੱਟ ਸੇਕ 'ਤੇ ਪਕਾਓ। ਆਖਰ 'ਚ ਗਰਮ ਮਸਾਲਾ ਅਤੇ ਅੰਬਚੂਰ ਪਾਊਡਰ ਜ਼ਰੂਰ ਪਾਓ। ਖਟਾਸ ਪਾਉਣ ਨਾਲ ਅਰਬੀ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ।
ਦੋ ਖ਼ਾਸ ਟਿਪਸ
ਹੱਥਾਂ ਦੀ ਖਾਰਸ਼ ਤੋਂ ਬਚਾਅ
- ਅਰਬੀ ਕੱਟਣ ਵੇਲੇ ਕਈ ਵਾਰ ਹੱਥਾਂ 'ਚ ਖਾਰਸ਼ ਹੋਣ ਲੱਗਦੀ ਹੈ, ਇਸ ਤੋਂ ਬਚਣ ਲਈ ਕੱਟਣ ਤੋਂ ਪਹਿਲਾਂ ਹੱਥਾਂ 'ਤੇ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਜਾਂ ਨਿੰਬੂ ਦਾ ਰਸ ਜ਼ਰੂਰ ਲਗਾਓ।
ਸਰਵਿੰਗ
- ਇਸ ਸੁੱਕੀ ਮਸਾਲੇਦਾਰ ਅਰਬੀ ਨੂੰ ਗਰਮਾ-ਗਰਮ ਮਿਸੇ ਪਰੌਂਠੇ ਜਾਂ ਪੂਰੀ ਨਾਲ ਸਰਵ ਕਰੋ, ਇਹ ਖਾਣ 'ਚ ਬਹੁਤ ਲਾਜਵਾਬ ਲੱਗਦੀ ਹੈ।
