ਘਰ ''ਚ ਆਸਾਨ ਤਰੀਕੇ ਨਾਲ ‘ਬੈਂਗਣ ਦਾ ਭਰਥਾ’, ਜਾਣੋ ਸਮੱਗਰੀ ਦੀ ਪੂਰੀ ਵਿਧੀ

Tuesday, May 26, 2026 - 12:16 PM (IST)

ਘਰ ''ਚ ਆਸਾਨ ਤਰੀਕੇ ਨਾਲ ‘ਬੈਂਗਣ ਦਾ ਭਰਥਾ’, ਜਾਣੋ ਸਮੱਗਰੀ ਦੀ ਪੂਰੀ ਵਿਧੀ

ਵੈੱਬ ਡੈਸਕ - ਪੰਜਾਬੀ ਰਸੋਈ 'ਚ ਜਦੋਂ ਵੀ ਕੁਝ ਖ਼ਾਸ ਅਤੇ ਸਵਾਦੀ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ‘ਬੈਂਗਣ ਦਾ ਭਰਥਾ’ ਸਭ ਦੀ ਪਹਿਲੀ ਪਸੰਦ ਹੁੰਦਾ ਹੈ। ਗਰਮਾ-ਗਰਮ ਤੰਦੂਰੀ ਰੋਟੀ, ਫੁਲਕੇ ਜਾਂ ਪਰੌਂਠੇ ਦੇ ਨਾਲ ਦੇਸੀ ਘਿਓ ਵਾਲਾ ਭਰਥਾ ਮਿਲ ਜਾਵੇ, ਤਾਂ ਖਾਣੇ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ।

ਪਰ ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ 'ਚ ਉਹ ਢਾਬੇ ਜਾਂ ਵਿਆਹਾਂ ਵਰਗਾ ਸਮੋਕੀ ਸਵਾਦ ਨਹੀਂ ਆਉਂਦਾ। ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੈਂਗਣ ਦਾ ਭਰਥਾ ਬਣਾਉਣ ਦੀ ਉਹ ਖ਼ਾਸ ਰੈਸਿਪੀ, ਜਿਸ ਨੂੰ ਅਪਣਾ ਕੇ ਤੁਹਾਡਾ ਭਰਥਾ ਬਿਲਕੁਲ ਉਂਗਲੀਆਂ ਚੱਟਣ ਲਈ ਮਜਬੂਰ ਕਰ ਦੇਵੇਗਾ।

ਲੋੜੀਂਦੀ ਸਮੱਗਰੀ :-

ਵੱਡਾ ਗੋਲ ਬੈਂਗਣ – 1 (ਲਗਭਗ 400-500 ਗ੍ਰਾਮ)
ਬਾਰੀਕ ਕੱਟੇ ਪਿਆਜ਼ – 2-3
ਬਾਰੀਕ ਕੱਟੇ ਟਮਾਟਰ – 2
ਹਰੀ ਮਿਰਚ – 2 (ਬਾਰੀਕ ਕੱਟੀਆਂ)
ਅਦਰਕ-ਲਸਣ ਦਾ ਪੇਸਟ – 1 ਚਮਚ
ਹਰਾ ਧਨੀਆ – ਬਾਰੀਕ ਕੱਟਿਆ ਹੋਇਆ
ਸਰ੍ਹੋਂ ਦਾ ਤੇਲ (Mustard Oil) – 2-3 ਚਮਚ
ਮਸਾਲੇ - ਨਮਕ, ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਜੀਰਾ (ਸਵਾਦ ਅਨੁਸਾਰ)

ਬਣਾਉਣ ਦਾ ਸਹੀ ਅਤੇ ਆਸਾਨ ਤਰੀਕਾ :- 

ਬੈਂਗਣ ਨੂੰ ਭੁੰਨਣਾ 
- ਸਭ ਤੋਂ ਪਹਿਲਾਂ ਬੈਂਗਣ ਨੂੰ ਧੋ ਕੇ ਸੁਕਾ ਲਓ। ਹੁਣ ਬੈਂਗਣ ਦੇ ਵਿਚਕਾਰ 3-4 ਚੀਰੇ ਲਗਾਓ ਅਤੇ ਉਨ੍ਹਾਂ ਚੀਰਿਆਂ ਦੇ ਅੰਦਰ ਲਸਣ ਦੀਆਂ ਕਲੀਆਂ ਅਤੇ ਹਰੀ ਮਿਰਚ ਪਾ ਦਿਓ। ਬੈਂਗਣ ਦੇ ਉੱਪਰ ਹਲਕਾ ਜਿਹਾ ਸਰ੍ਹੋਂ ਦਾ ਤੇਲ ਲਗਾ ਕੇ ਇਸ ਨੂੰ ਗੈਸ 'ਤੇ ਸਿੱਧਾ ਭੁੰਨਣ ਲਈ ਰੱਖ ਦਿਓ। ਚਾਰੇ ਪਾਸਿਓਂ ਘੁਮਾ ਕੇ ਇਸ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਇਸ ਦਾ ਛਿਲਕਾ ਕਾਲਾ ਅਤੇ ਨਰਮ ਨਾ ਹੋ ਜਾਵੇ।

ਛਿਲਕਾ ਲਾਹੁਣਾ ਅਤੇ ਮੈਸ਼ ਕਰਨਾ
- ਭੁੰਨਣ ਤੋਂ ਬਾਅਦ ਬੈਂਗਣ ਨੂੰ ਇਕ ਪਲੇਟ 'ਚ ਕੱਢ ਕੇ ਠੰਡਾ ਹੋਣ ਦਿਓ। ਠੰਡਾ ਹੋਣ 'ਤੇ ਇਸ ਦਾ ਕਾਲਾ ਛਿਲਕਾ ਆਸਾਨੀ ਨਾਲ ਉਤਰ ਜਾਵੇਗਾ। ਹੁਣ ਬੈਂਗਣ ਦੇ ਡੰਡਲ ਨੂੰ ਕੱਟ ਕੇ ਅਲੱਗ ਕਰ ਦਿਓ ਅਤੇ ਬੈਂਗਣ ਨੂੰ ਇਕ ਚਮਚ ਜਾਂ ਮੈਸ਼ਰ ਦੀ ਮਦਦ ਨਾਲ ਚੰਗੀ ਤਰ੍ਹਾਂ ਮੈਸ਼ (ਪੀਸ) ਲਓ।

ਤੜਕਾ ਤਿਆਰ ਕਰਨਾ
- ਇਕ ਕੜਾਹੀ 'ਚ 2-3 ਚਮਚ ਸਰ੍ਹੋਂ ਦਾ ਤੇਲ ਗਰਮ ਕਰੋ (ਸਰ੍ਹੋਂ ਦੇ ਤੇਲ ਨਾਲ ਭਰਥੇ ਦਾ ਸਵਾਦ ਸਭ ਤੋਂ ਬੈਸਟ ਆਉਂਦਾ ਹੈ)। ਤੇਲ ਗਰਮ ਹੋਣ 'ਤੇ ਜੀਰਾ ਪਾਓ। ਫਿਰ ਇਸ 'ਚ ਬਾਰੀਕ ਕੱਟੇ ਪਿਆਜ਼ ਪਾ ਕੇ ਹਲਕਾ ਸੁਨਹਿਰੀ ਹੋਣ ਤੱਕ ਭੁੰਨੋ। ਇਸ ਤੋਂ ਬਾਅਦ ਅਦਰਕ-ਲਸਣ ਦਾ ਪੇਸਟ ਅਤੇ ਹਰੀ ਮਿਰਚ ਪਾ ਕੇ 1 ਮਿੰਟ ਲਈ ਚਲਾਓ।

ਟਮਾਟਰ ਅਤੇ ਮਸਾਲੇ
- ਹੁਣ ਤੜਕੇ 'ਚ ਬਾਰੀਕ ਕੱਟੇ ਟਮਾਟਰ ਪਾਓ ਅਤੇ ਨਾਲ ਹੀ ਨਮਕ, ਹਲਦੀ ਅਤੇ ਲਾਲ ਮਿਰਚ ਪਾਊਡਰ ਮਿਲਾ ਦਿਓ। ਟਮਾਟਰਾਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਤੜਕਾ ਤੇਲ ਨਾ ਛੱਡ ਦੇਵੇ।

ਸਰਵਿੰਗ
- ਜਦੋਂ ਤੜਕਾ ਚੰਗੀ ਤਰ੍ਹਾਂ ਪਕ ਜਾਵੇ, ਤਾਂ ਇਸ 'ਚ ਮੈਸ਼ ਕੀਤਾ ਹੋਇਆ ਬੈਂਗਣ ਪਾ ਦਿਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਮੀਡੀਅਮ ਗੈਸ 'ਤੇ 5 ਤੋਂ 7 ਮਿੰਟ ਲਈ ਢੱਕ ਕੇ ਪਕਾਓ, ਤਾਂ ਜੋ ਸਾਰੇ ਮਸਾਲਿਆਂ ਦਾ ਸਵਾਦ ਬੈਂਗਣ ਦੇ ਅੰਦਰ ਤੱਕ ਚਲਿਆ ਜਾਵੇ। ਅਖੀਰ 'ਚ ਉੱਪਰੋਂ ਗਰਮ ਮਸਾਲਾ ਅਤੇ ਤਾਜ਼ਾ ਹਰਾ ਧਨੀਆ ਪਾ ਕੇ ਗੈਸ ਬੰਦ ਕਰ ਦਿਓ।

ਸੀਕ੍ਰੇਟ ਟਿਪ
- ਬੈਂਗਣ ਨੂੰ ਭੁੰਨਣ ਵੇਲੇ ਉਸ ਦੇ ਅੰਦਰ ਲਸਣ ਪਾਉਣ ਨਾਲ ਭਰਥੇ 'ਚ ਬਿਲਕੁਲ ਉਹੀ ਸਮੋਕੀ ਸਵਾਦ ਆਉਂਦਾ ਹੈ ਜੋ ਅਸੀਂ ਢਾਬੇ 'ਤੇ ਖਾਂਦੇ ਹਾਂ। ਚਾਹੋ ਤਾਂ ਅਖੀਰ 'ਚ 1 ਚਮਚ ਦੇਸੀ ਘਿਓ ਜ਼ਰੂਰ ਮਿਲਾਓ।


author

Sunaina

Content Editor

Related News