Newborn ਬੱਚੇ ਨੂੰ ਸੁਲਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਨੀਂਦ ਹੀ ਬਣ ਸਕਦੀ ਹੈ ਮੌਤ ਦਾ ਕਾਰਨ!

Wednesday, Feb 04, 2026 - 02:39 PM (IST)

Newborn ਬੱਚੇ ਨੂੰ ਸੁਲਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਨੀਂਦ ਹੀ ਬਣ ਸਕਦੀ ਹੈ ਮੌਤ ਦਾ ਕਾਰਨ!

ਵੈਬ ਡੈਸਕ - ਘਰ 'ਚ ਨਵਜੰਮੇ ਬੱਚੇ ਦੇ ਆਉਣ ਨਾਲ ਜਿੱਥੇ ਖੁਸ਼ੀਆਂ ਵਧਦੀਆਂ ਹਨ, ਉੱਥੇ ਹੀ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਵੀ ਕਾਫੀ ਵਧ ਜਾਂਦੀਆਂ ਹਨ। ਨਵਜੰਮੇ ਬੱਚੇ ਦੀ ਦੇਖਭਾਲ ਬਹੁਤ ਹੀ ਨਾਜ਼ੁਕ ਮਾਮਲਾ ਹੈ, ਕਿਉਂਕਿ ਇਸ ਦੌਰਾਨ ਕੀਤੀ ਗਈ ਛੋਟੀ ਜਿਹੀ ਲਾਪਰਵਾਹੀ ਬੱਚੇ ਦੀ ਜਾਨ ਲਈ ਖਤਰਾ ਬਣ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ, ਨਵਜੰਮੇ ਬੱਚਿਆਂ 'ਚ ਨੀਂਦ ਦੌਰਾਨ ਹੋਣ ਵਾਲੀ ਅਚਾਨਕ ਮੌਤ ਨੂੰ 'ਸਡਨ ਇਨਫੈਂਟ ਡੈਥ ਸਿੰਡਰੋਮ' ਕਿਹਾ ਜਾਂਦਾ ਹੈ। ਸਹੀ ਜਾਣਕਾਰੀ ਅਤੇ ਸਾਵਧਾਨੀ ਨਾਲ ਇਸ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

PunjabKesari

ਮਾਤਾ-ਪਿਤਾ ਵਿਚਾਲੇ ਸੁਲਾਉਣਾ ਹੈ ਖ਼ਤਰਨਾਕ
ਅਕਸਰ ਨਵੇਂ ਮਾਤਾ-ਪਿਤਾ ਬੱਚੇ ਨੂੰ ਸੁਰੱਖਿਅਤ ਅਤੇ ਗਰਮ ਰੱਖਣ ਲਈ ਉਸ ਨੂੰ ਆਪਣੇ ਵਿਚਕਾਰ ਕੰਬਲ 'ਚ ਸੁਲਾ ਲੈਂਦੇ ਹਨ, ਪਰ ਇਹ ਆਦਤ ਸਭ ਤੋਂ ਖ਼ਤਰਨਾਕ ਸਾਬਤ ਹੋ ਸਕਦੀ ਹੈ। ਕੰਬਲ ਜਾਂ ਮਾਤਾ-ਪਿਤਾ ਦੇ ਸਰੀਰ ਨਾਲ ਬੱਚੇ ਦਾ ਮੂੰਹ ਢੱਕਿਆ ਜਾ ਸਕਦਾ ਹੈ, ਜਿਸ ਨਾਲ ਬੱਚੇ ਨੂੰ ਸਾਹ ਲੈਣ 'ਚ ਦਿੱਕਤ ਹੋ ਸਕਦੀ ਹੈ ਅਤੇ ਦਮ ਘੁੱਟਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਮਾਹਿਰਾਂ ਅਨੁਸਾਰ, ਇਸ ਤਰ੍ਹਾਂ ਸੁਲਾਉਣ ਨਾਲ SIDS ਦਾ ਰਿਸਕ ਵਧ ਜਾਂਦਾ ਹੈ, ਇਸ ਲਈ ਬੱਚੇ ਨੂੰ ਹਮੇਸ਼ਾ ਇਕ ਵੱਖਰੀ ਅਤੇ ਸੁਰੱਖਿਅਤ ਜਗ੍ਹਾ 'ਤੇ ਸੁਲਾਉਣਾ ਚਾਹੀਦਾ ਹੈ।

PunjabKesari

 ਗਲਤ ਪੋਜੀਸ਼ਨ ਅਤੇ ਨਰਮ ਸਤਹ ਤੋਂ ਬਚੋ 
ਡਾਕਟਰਾਂ ਅਤੇ ਚਾਈਲਡ ਹੈਲਥ ਮਾਹਿਰਾਂ ਮੁਤਾਬਕ, ਨਵਜੰਮੇ ਬੱਚੇ ਨੂੰ ਹਮੇਸ਼ਾ ਪਿੱਠ ਦੇ ਬਲ ਹੀ ਸੁਲਾਉਣਾ ਚਾਹੀਦਾ ਹੈ। ਬੱਚੇ ਨੂੰ ਪੇਟ ਦੇ ਬਲ ਜਾਂ ਸਾਈਡ ਪੋਜੀਸ਼ਨ 'ਚ ਸੁਲਾਉਣ ਨਾਲ ਉਸ ਦੀ ਸਾਹ ਦੀ ਨਲੀ ਦੱਬਣ ਜਾਂ ਮੂੰਹ ਢੱਕਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਬੱਚੇ ਨੂੰ ਕਦੇ ਵੀ ਸੋਫੇ, ਨਰਮ ਗੱਦੇ ਜਾਂ ਤਕੀਏ 'ਤੇ ਨਹੀਂ ਸੁਲਾਉਣਾ ਚਾਹੀਦਾ ਕਿਉਂਕਿ ਨਰਮ ਸਤਹ 'ਚ ਬੱਚਾ ਧੱਸ ਸਕਦਾ ਹੈ ਅਤੇ ਉਸ ਦਾ ਦਮ ਘੁੱਟ ਸਕਦਾ ਹੈ। ਬੱਚੇ ਲਈ ਹਮੇਸ਼ਾ ਸਖ਼ਤ ਅਤੇ ਸਪਾਟ ਸਤਹ ਵਾਲੇ ਗੱਦੇ ਦੀ ਵਰਤੋਂ ਕਰੋ।

PunjabKesari

 ਬੱਚੇ ਦੇ ਆਲੇ-ਦੁਆਲੇ ਦੀ ਸਫ਼ਾਈ ਅਤੇ ਕੱਪੜੇ 
ਬੱਚੇ ਦੇ ਸੌਣ ਵਾਲੀ ਜਗ੍ਹਾ ਬਿਲਕੁਲ ਸਾਫ਼ ਅਤੇ ਖਾਲੀ ਹੋਣੀ ਚਾਹੀਦੀ ਹੈ। ਬੱਚੇ ਦੇ ਨੇੜੇ ਖਿਡੌਣੇ, ਤਕੀਏ, ਫਾਲਤੂ ਕੰਬਲ ਜਾਂ ਮੋਬਾਈਲ ਫੋਨ ਰੱਖਣਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ, ਠੰਡ ਤੋਂ ਬਚਾਉਣ ਦੇ ਚੱਕਰ 'ਚ ਬੱਚੇ ਨੂੰ ਜ਼ਿਆਦਾ ਕੱਪੜੇ ਪਹਿਨਾਉਣ ਜਾਂ ਮੋਟਾ ਕੰਬਲ ਓਢਾਉਣ ਤੋਂ ਬਚੋ। ਇਸ ਨਾਲ ਬੱਚੇ ਨੂੰ ਘੁਟਣ, ਪਸੀਨਾ ਅਤੇ ਬੇਚੈਨੀ ਹੋ ਸਕਦੀ ਹੈ। ਕਮਰੇ ਦਾ ਤਾਪਮਾਨ ਸਾਧਾਰਨ ਰੱਖੋ ਅਤੇ ਬੱਚੇ ਨੂੰ ਹਲਕੇ ਤੇ ਆਰਾਮਦਾਇਕ ਕੱਪੜੇ ਹੀ ਪਹਿਨਾਓ।

PunjabKesari

 ਸੁਰੱਖਿਅਤ ਨੀਂਦ ਲਈ ਕੁਝ ਜ਼ਰੂਰੀ ਟਿਪਸ :-

-  ਬੱਚੇ ਨੂੰ ਹਮੇਸ਼ਾ ਪਿੱਠ ਦੇ ਬਲ ਸੁਲਾਓ ਅਤੇ ਸਿਰ ਸਿੱਧਾ ਰੱਖੋ।
- ਬੱਚੇ ਨੂੰ ਆਪਣੇ ਕੋਲ ਪਰ ਵੱਖਰੇ ਬੈੱਡ ਜਾਂ ਬੇਬੀ ਕ੍ਰਿਬ 'ਚ ਸੁਲਾਓ।
- ਜਿਸ ਕਮਰੇ 'ਚ ਬੱਚਾ ਸੌ ਰਿਹਾ ਹੋਵੇ, ਉੱਥੇ ਸਿਗਰਟਨੋਸ਼ੀ ਬਿਲਕੁਲ ਨਾ ਕਰੋ।
- ਬੱਚੇ ਦੀ ਨੀਂਦ ਨਾਲ ਜੁੜੀਆਂ ਆਦਤਾਂ ਲਈ ਹਮੇਸ਼ਾ ਡਾਕਟਰ ਦੀ ਸਲਾਹ ਲਓ।


author

Sunaina

Content Editor

Related News