Cooking Tips: ਘਰ ਆਏ ਮਹਿਮਾਨਾਂ ਨੂੰ ਬਣਾ ਕੇ ਖਵਾਓ ''ਕਸ਼ਮੀਰੀ ਰਾਜਮਾਂਹ''
Wednesday, Feb 05, 2025 - 05:23 PM (IST)
ਨਵੀਂ ਦਿੱਲੀ- ਕਸ਼ਮੀਰੀ ਖਾਣੇ ਦਾ ਜਾਇਕਾ ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਸ਼ਮੀਰੀ ਸਟਾਈਲ ਵਿਚ ਰਾਜਮਾਂਹ ਦੀ ਸਬਜ਼ੀ ਬਣਾਉਣਾ, ਜੋ ਬਾਕੀ ਰਾਜਮਾਂਹ ਵਿਅੰਜਨਾਂ ਤੋਂ ਵੱਖਰੀ ਹੈ। ਕਸ਼ਮੀਰੀ ਕੁਜੀਨ ਦੀ ਇਕ ਖਾਸ ਗੱਲ ਹੈ ਕਿ ਇਸ ਦੀ ਤਰੀ ਵਿਚ ਦਹੀਂ ਦਾ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਦੇ ਕਾਰਨ ਉਹ ਕਾਫ਼ੀ ਗਾੜੀ ਹੁੰਦੀ ਹੈ। ਇਸ ਰਾਜਮਾਂਹ ਵਿਅੰਜਨ ਵਿਚ ਅਸੀਂ ਸੁੱਕੇ ਅਦਰਕ ਦੇ ਪਾਊਡਰ ਦਾ ਇਸਤੇਮਾਲ ਕਰਦੇ ਹਾਂ, ਜਿਸ ਦੇ ਨਾਲ ਖਾਣੇ ਵਿਚ ਸਵਾਦ ਅਤੇ ਤਿੱਖਾਪਨ ਆਉਂਦਾ ਹੈ।
ਜੇਕਰ ਤੁਸੀਂ ਕੁਝ ਹੱਟ ਕੇ ਕੋਈ ਪਕਵਾਨ ਬਣਾਉਣਾ ਚਾਹੁੰਦੇ ਹੋ ਤਾਂ ਕਸ਼ਮੀਰੀ ਰਾਜਮਾਂਹ ਬਣਾਉਣਾ ਬਿਲਕੁਲ ਵੀ ਨਾ ਭੁੱਲੋ। ਆਉ ਵੇਖਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ...
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਰਾਜਮਾਂਹ- ਡੇਢ ਕੱਪ
ਗੰਢਾ- 1 ਬਰੀਕ (ਕੱਟਿਆ ਹੋਇਆ)
ਹਿੰਗ ਪਾਊਡਰ- 1/8 ਚਮਚੇ
ਜੀਰਾ-1 ਚਮਚਾ, ਅਦਰਕ ਪਾਊਡਰ- 1 ਚਮਚਾ
ਅਦਰਕ ਪੇਸਟ- 1 ਚਮਚਾ
ਕਸ਼ਮੀਰੀ ਮਿਰਚ ਪਾਊਡਰ-1 ਚਮਚਾ
ਧਨੀਆ ਪਾਊਡਰ- 2 ਚਮਚੇ
ਕਸ਼ਮੀਰੀ ਗਰਮ ਮਸਾਲਾ- 1 ਚਮਚਾ
ਦਹੀਂ- 1/2 ਕੱਪ
ਲੂਣ- ਸਵਾਦ ਅਨੁਸਾਰ
ਤੇਲ- 1 ਚਮਚਾ
ਗਰਮ ਮਸਾਲੇ ਲਈ ਸਮੱਗਰੀ
ਵੱਡੀ ਇਲਾਇਚੀ -3
ਛੋਟੀ ਇਲਾਇਚੀ-3
ਦਾਲਚੀਨੀ -2-3 ਪੀਸ
ਲੌਂਗ- 2-3
ਕਾਲੀ ਮਿਰਚ ਦੇ ਦਾਣੇ- 1/2 ਚਮਚਾ
ਇਨ੍ਹਾਂ ਸਾਰੇ ਮਸਾਲਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ
ਕਸ਼ਮੀਰੀ ਰਾਜਮਾਂਹ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਰਾਜਮਾਂਹ ਨੂੰ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਸਾਫ ਪਾਣੀ ਨਾਲ ਧੋ ਕੇ ਰਾਜਮਾਂਹ ਨੂੰ ਕੁੱਕਰ ਵਿਚ ਪਾਣੀ ਪਾ ਕੇ 3 ਸੀਟੀਆਂ ਆਉਣ ਤੱਕ ਤੇਜ਼ ਅੱਗ ਉਤੇ ਪਕਾਉ। ਉਸ ਤੋਂ ਬਾਅਦ ਗੈਸ ਨੂੰ ਘੱਟ ਅੱਗ 'ਤੇ ਕਰਕੇ 30 ਮਿੰਟ ਤੱਕ ਪਕਾਓ। ਫਿਰ ਪ੍ਰੈੱਸ਼ਰ ਨਿਕਲ ਜਾਣ ਤੋਂ ਬਾਅਦ ਪਾਣੀ ਅਤੇ ਰਾਜਮਾਂਹ ਨੂੰ ਵੱਖ-ਵੱਖ ਕੱਢ ਕੇ ਰੱਖ ਦਿਓ।
ਇਕ ਕੜਾਹੀ ਵਿਚ ਤੇਲ ਜਾਂ ਬਟਰ ਪਾ ਕੇ ਗਰਮ ਕਰੋ, ਫਿਰ ਉਸ ਵਿਚ ਹਿੰਗ ਅਤੇ ਜੀਰਾ ਪਾਓ। ਕੁੱਝ ਦੇਰ ਤੋਂ ਬਾਅਦ ਇਸ ਵਿਚ ਕੱਟੇ ਗੰਢੇ ਪਾ ਕੇ ਹਲਕਾ ਭੂਰਾ ਹੋਣ ਤੱਕ ਉਸ ਨੂੰ ਭੁੰਨੋ। ਉਸ ਤੋਂ ਬਾਅਦ ਇਸ ਵਿਚ ਅਦਰਕ ਪੇਸਟ, ਅਦਰਕ ਪਾਊਡਰ ਅਤੇ ਫੈਂਟੀ ਹੋਈ ਦਹੀ ਮਿਲਾਓ। ਇਸ ਨੂੰ ਲਗਾਤਾਰ ਚਲਾਉਂਦੇ ਰਹੋ, ਨਹੀਂ ਤਾਂ ਦਹੀਂ ਫਟ ਸਕਦਾ ਹੈ। ਜਦੋਂ ਤੇਲ ਵੱਖ ਹੋਣ ਲੱਗੇ ਤੱਦ ਇਸ ਵਿਚ ਲਾਲ ਮਿਰਚ ਪਾਊਡਰ, ਹਰੀ ਮਿਰਚ, ਲੂਣ ਅਤੇ ਰਾਜਮਾਂਹ ਮਿਕਸ ਕਰੋ।
ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਫਿਰ ਲਗਭਗ ਡੇਢ ਕਪ ਪਾਣੀ ਮਿਲਾਉ। ਇਸ ਨੂੰ ਉਬਾਲੋ ਅਤੇ ਮੱਧਮ ਅੱਗ ਤੇ 20 - 25 ਮਿੰਟ ਤੱਕ ਪਕਾਉ। ਜਦੋਂ ਗਰੇਵੀ ਗਾੜੀ ਹੋਣ ਲੱਗੇ ਅਤੇ ਰਾਜਮਾਂਹ ਪਕ ਜਾਣ ਤਾਂ ਇਸ ਵਿਚ ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਉਤੋਂ ਦੀ ਬਟਰ ਪਾਉ ਅਤੇ ਗਰਮਾ-ਗਰਮ ਚੌਲਾਂ ਦੇ ਨਾਲ ਇਸ ਨੂੰ ਸਰਵ ਕਰੋ।