ਕੰਟ੍ਰਾਸਟ ਕਢਾਈ ਵਾਲੇ ਸੂਟ ਬਣੇ ਮੁਟਿਆਰਾਂ ਦੀ ਰਾਇਲ ਲੁੱਕ ਦਾ ਸੀਕ੍ਰੇਟ

Tuesday, Jul 21, 2026 - 09:55 AM (IST)

ਕੰਟ੍ਰਾਸਟ ਕਢਾਈ ਵਾਲੇ ਸੂਟ ਬਣੇ ਮੁਟਿਆਰਾਂ ਦੀ ਰਾਇਲ ਲੁੱਕ ਦਾ ਸੀਕ੍ਰੇਟ

ਵੈੱਬ ਡੈਸਕ- ਅੱਜ ਦੇ ਦੌਰ ’ਚ ਫੈਸ਼ਨ ਲਗਾਤਾਰ ਬਦਲ ਰਿਹਾ ਹੈ ਪਰ ਕੁਝ ਟ੍ਰੈਂਡ ਅਜਿਹੇ ਹੁੰਦੇ ਹਨ ਜੋ ਹਰ ਵਾਰ ਨਵੇਂ ਅੰਦਾਜ਼ ’ਚ ਵਾਪਸ ਆਉਂਦੇ ਹਨ। ਉਨ੍ਹਾਂ ’ਚੋਂ ਹੀ ਇਕ ਹੈ ਕੰਟ੍ਰਾਸਟ ਕਢਾਈ ਵਾਲੇ ਸੂਟ। ਸਾਦੇ ਤੇ ਹਲਕੇ ਰੰਗ ਦੇ ਸੂਟ ’ਤੇ ਚਮਕਦਾਰ ਅਤੇ ਗੂੜ੍ਹੇ ਰੰਗ ਦੀ ਕਢਾਈ ਔਰਤਾਂ ਨੂੰ ਇਕ ਵੱਖਰੀ ਹੀ ਸ਼ਾਹੀ ਅਤੇ ਖੂਬਸੂਰਤ ਲੁੱਕ ਦਿੰਦੀ ਹੈ। ਇਹੋ ਕਾਰਨ ਹੈ ਕਿ ਕਾਲਜ ਤੋਂ ਲੈ ਕੇ ਵਿਆਹਾਂ ਵਰਗੇ ਫੰਕਸ਼ਨਾਂ ਤੱਕ, ਹਰ ਜਗ੍ਹਾ ਕੰਟ੍ਰਾਸਟ ਕਢਾਈ ਵਾਲੇ ਸੂਟਾਂ ਨੇ ਧੁੰਮਾਂ ਪਾਈਆਂ ਹੋਈਆਂ ਹਨ।

ਖਾਸ ਕਰ ਕੇ ਜੰਮੂ-ਕਸ਼ਮੀਰ ਅਤੇ ਪੂਰੇ ਉੱਤਰ ਭਾਰਤ ’ਚ ਇਹ ਟ੍ਰੈਂਡ 2026 ’ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕੰਟ੍ਰਾਸਟ ਕਢਾਈ ਦਾ ਸਿੱਧਾ ਮਤਲਬ ਹੈ ਬੇਸ ਫੈਬਰਿਕ ਤੋਂ ਬਿਲਕੁਲ ਵੱਖਰੇ ਰੰਗ ਦੇ ਧਾਗਿਆਂ ਨਾਲ ਕਢਾਈ ਕੀਤੀ ਗਈ ਹੈ। ਉਦਾਹਰਨ ਲਈ ਚਿੱਟੇ ਜਾਂ ਆਫ਼-ਵ੍ਹਾਈਟ ਸੂਟ ’ਤੇ ਹਰੀ ਅਤੇ ਗੁਲਾਬੀ ਕਢਾਈ, ਮਸਟਰਡ ਸੂਟ ’ਤੇ ਮੈਰੂਨ ਧਾਗੇ ਦੀ ਕਢਾਈ ਜਾਂ ਰਾਇਲ ਬਲੂ ਸੂਟ ’ਤੇ ਸੁਨਹਿਰੀ ਜ਼ਰੀ ਦਾ ਕੰਮ। ਜਦੋਂ ਸੂਟ ਦਾ ਰੰਗ ਅਤੇ ਕਢਾਈ ਦਾ ਰੰਗ ਇਕ-ਦੂਜੇ ਦੇ ਉਲਟ ਹੁੰਦੇ ਹਨ ਤਾਂ ਕਢਾਈ ਹੋਰ ਵੀ ਜ਼ਿਆਦਾ ਉੱਭਰਦੀ ਹੈ। ਇਸ ਨਾਲ ਸੂਟ ਸਿੰਪਲ ਹੁੰਦੇ ਹੋਏ ਵੀ ਬਹੁਤ ਰਿਚ ਅਤੇ ਆਕਰਸ਼ਕ ਲੱਗਦਾ ਹੈ। ਇਸੇ ਕਾਰਨ ਘੱਟ ਬਜਟ ’ਚ ਵੀ ਮੁਟਿਆਰਾਂ ਇਸ ਸਟਾਈਲ ਨੂੰ ਖੂਬ ਅਪਣਾ ਰਹੀਆਂ ਹਨ।

ਕੰਟ੍ਰਾਸਟ ਕਢਾਈ ਸੂਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਮੌਕੇ ’ਤੇ ਫਿੱਟ ਬੈਠਦਾ ਹੈ। ਰੋਜ਼ਾਨਾ ਆਫਿਸ ਅਤੇ ਕਾਲਜ ਜਾਣ ਲਈ ਕਾਟਨ ਅਤੇ ਲਿਨਨ ’ਤੇ ਹਲਕੀ ਮਸ਼ੀਨ ਕਢਾਈ ਵਾਲੇ ਸੂਟ ਆਰਾਮਦਾਇਕ ਲੱਗਦੇ ਹਨ। ਉੱਥੇ ਹੀ, ਤਿਓਹਾਰਾਂ, ਵਿਆਹ ਅਤੇ ਪਾਰਟੀ ਲਈ ਚਿਕਨਕਾਰੀ, ਗੋਟਾ-ਪੱਤੀ, ਰੇਸ਼ਮ ਅਤੇ ਜ਼ਰਦੋਜ਼ੀ ਵਾਲੀ ਹੈਵੀ ਕੰਟ੍ਰਾਸਟ ਕਢਾਈ ਵਾਲੇ ਸੂਟ ਰਾਇਲ ਲੁੱਕ ਦਿੰਦੇ ਹਨ। ਗਰਮੀਆਂ ’ਚ ਹਲਕੇ ਫੈਬਰਿਕ ਅਤੇ ਸਰਦੀਆਂ ’ਚ ਚਿਨੌਨ, ਕ੍ਰੇਪ ਅਤੇ ਵੈਲਵੇਟ ’ਤੇ ਕੰਟ੍ਰਾਸਟ ਕਢਾਈ ਦੋਵਾਂ ਹੀ ਸੀਜ਼ਨਾਂ ’ਚ ਚੱਲਦੀਆਂ ਹਨ। ਇਹ ਸਟਾਈਲ ਹਰ ਉਮਰ ਦੀਆਂ ਔਰਤਾਂ ਨੂੰ ਸੂਟ ਕਰਦਾ ਹੈ। ਇਹ ਯੰਗ ਮੁਟਿਆਰਾਂ ਨੂੰ ਫ੍ਰੈਸ਼ ਲੁੱਕ ਦਿੰਦਾ ਹੈ ਅਤੇ ਔਰਤਾਂ ਦੇ ਚਿਹਰੇ ’ਤੇ ਨਿਖਾਰ ਲਿਆਉਂਦਾ ਹੈ। ਇਸ ਸਾਲ ਕੁਝ ਕਲਰ ਕੰਬੀਨੇਸ਼ਨ ਮਾਰਕੀਟ ’ਚ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਹੇ ਹਨ। ਆਫ਼-ਵ੍ਹਾਈਟ ਸੂਟ ਦੇ ਨਾਲ ਹਰੀ ਕਢਾਈ ਨੂੰ ਸਭ ਤੋਂ ਕਲਾਸੀ ਮੰਨਿਆ ਜਾ ਰਿਹਾ ਹੈ।

ਮਸਟਰਡ ਸੂਟ ’ਤੇ ਮੈਰੂਨ ਕਢਾਈ ਰਵਾਇਤੀ ਅਤੇ ਰਿਚ ਲੁੱਕ ਦਿੰਦੀ ਹੈ। ਬੋਤਲ ਗ੍ਰੀਨ ਦੇ ਨਾਲ ਮਸਟਰਡ ਕਢਾਈ ਸ਼ਾਹੀ ਅੰਦਾਜ਼ ਦਿੰਦੀ ਹੈ ਅਤੇ ਪੈਸਟਲ ਬੇਸ ’ਤੇ ਚਮਕਦਾਰ ਗੁਲਾਬੀ ਕਢਾਈ ਯੰਗ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਤੋਂ ਇਲਾਵਾ ਨੇਵੀ ਬਲੂ ’ਤੇ ਪਿੰਕ ਅਤੇ ਗ੍ਰੇਅ ’ਤੇ ਯੈਲੋ ਕੰਟ੍ਰਾਸਟ ਵੀ ਖੂਬ ਟ੍ਰੈਂਡ ’ਚ ਹੈ। ਕੰਟ੍ਰਾਸਟ ਸੂਟ ਦੀ ਖੂਬਸੂਰਤੀ ਉਦੋਂ ਹੀ ਨਿਖਰਦੀ ਹੈ, ਜਦੋਂ ਉਸ ਨੂੰ ਸਹੀ ਤਰੀਕੇ ਨਾਲ ਸਟਾਈਲ ਕੀਤਾ ਜਾਵੇ। ਜੇ ਸੂਟ ’ਤੇ ਹੈਵੀ ਕਢਾਈ ਹੈ ਤਾਂ ਆਰਗੈਂਜ਼ਾ ਜਾਂ ਸ਼ਿਫੌਨ ਦਾ ਹਲਕਾ ਦੁਪੱਟਾ ਅਤੇ ਉਸ ਦੀ ਕਿਨਾਰੀ ’ਤੇ ਕਢਾਈ ਵਾਲੇ ਰੰਗ ਦੀ ਪਾਈਪਿੰਗ ਕਾਫ਼ੀ ਸੁੰਦਰ ਲੱਗਦੀ ਹੈ।

ਜਿਊਲਰੀ ਦੇ ਮਾਮਲੇ ’ਚ ਹੈਵੀ ਕਢਾਈ ਦੇ ਨਾਲ ਕੁੰਦਨ ਜਾਂ ਮੋਤੀ ਦੇ ਛੋਟੇ ਝੁਮਕੇ ਚੰਗੇ ਲੱਗਦੇ ਹਨ, ਜਦਕਿ ਸਿੰਪਲ ਕਢਾਈ ਦੇ ਨਾਲ ਆਕਸੀਡਾਈਜ਼ਡ ਜਿਊਲਰੀ ਜੱਚਦੀ ਹੈ। ਮੁਟਿਆਰਾਂ ਜੁੱਤੀ ਅਤੇ ਪੋਟਲੀ ਨੂੰ ਵੀ ਕਢਾਈ ਦੇ ਰੰਗ ਨਾਲ ਮੈਚ ਕਰ ਕੇ ਲੁੱਕ ਨੂੰ ਕੰਪਲੀਟ ਕਰ ਰਹੀਆਂ ਹਨ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਕੰਟ੍ਰਾਸਟ ਕਢਾਈ ਵਾਲੇ ਸੂਟ ਸਾਦਗੀ ਅਤੇ ਸ਼ਾਨ ਦਾ ਬੇਜੋੜ ਸੁਮੇਲ ਹਨ। ਇਹ ਨਾ ਸਿਰਫ ਮੁਟਿਆਰਾਂ ਨੂੰ ਭੀੜ ਤੋਂ ਵੱਖ ਦਿਖਾਉਂਦਾ ਹੈ, ਸਗੋਂ ਘੱਟ ਖਰਚੇ ’ਚ ਵੀ ਰਾਇਲ ਫੀਲ ਦਿੰਦਾ ਹੈ, ਜੋ ਮੁਟਿਆਰਾਂ ਸਿੰਪਲ ਦੇ ਨਾਲ-ਨਾਲ ਰਾਇਲ ਲੁੱਕ ਚਾਹੁੰਦੀਆਂ ਹਨ, ਉਹ ਇਸ ਸੀਜ਼ਨ ਆਪਣੀ ਵਾਰਡਰੋਬ ’ਚ ਇਕ ਕੰਟ੍ਰਾਸਟ ਕਢਾਈ ਵਾਲਾ ਸੂਟ ਜ਼ਰੂਰ ਸ਼ਾਮਲ ਕਰ ਰਹੀਆਂ ਹਨ।


author

DIsha

Content Editor

Related News