ਡਾ. ਅੰਬੇਡਕਰ ਜੀ ਕਾਰਨ ਹੀ ਮੇਰੇ ਵਰਗੇ ਦਲਿਤ ਨੂੰ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲਿਆ : ਧਰਮਸੌਤ
Tuesday, Jun 05, 2018 - 10:45 AM (IST)

ਨਾਭਾ (ਜੈਨ, ਭੂਪਾ)-ਭਾਰਤੀ ਵਾਲਮੀਕਿ ਧਰਮ ਸਮਾਜ ਪੰਜਾਬ, ਦਲਿਤ ਸਮਾਜ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 127ਵੇਂ ਜਨਮ-ਦਿਨ ਨੂੰ ਸਮਰਪਤ 'ਭਾਰਤੀ ਸੰਵਿਧਾਨ ਬਚਾਓ, ਦੇਸ਼ ਬਚਾਓ ਅੰਦੋਲਨ' ਸਮਾਗਮ ਇੱਥੇ ਨਵੀਂ ਅਨਾਜ ਮੰਡੀ ਲਾਗੇ ਸਥਿਤ ਨਿੱਜੀ ਪੈਲੇਸ ਵਿਖੇ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕਰਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਬਾਬਾ ਸਾਹਿਬ ਕੇਵਲ ਦਲਿਤ ਸਮਾਜ ਦੇ ਹੀ ਨਹੀਂ ਬਲਕਿ ਹਰੇਕ ਕਮਜ਼ੋਰ ਤੇ ਆਰਥਕ ਪੱਖੋਂ ਪਛੜੇ ਹੋਏ ਵਰਗ ਦੇ ਭੀਸ਼ਮ ਪਿਤਾਮਾ ਸਨ। ਸੰਵਿਧਾਨ ਦੀ ਰਚਨਾ ਕੀਤੀ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰੰਤਰੀ ਬਣ ਕੇ ਸਭ ਨੂੰ ਆਜ਼ਾਦੀ ਦੇ ਅਧਿਕਾਰ ਦਿੱਤੇ। ਉਨ੍ਹਾਂ ਕਿਹਾ ਕਿ ਮੇਰੇ ਵਰਗੇ ਗਰੀਬ ਦਲਿਤ ਨੂੰ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲਿਆ। ਦਲਿਤ ਵਰਗ ਦੇ ਲੋਕਾਂ ਨੂੰ ਦੇਸ਼ ਦਾ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਸੁਪਰੀਮ ਕੋਰਟ ਜਸਟਿਸ, ਗਵਰਨਰ, ਮੁੱਖ ਮੰਤਰੀ ਤੇ ਚੀਫ ਸੈਕਟਰੀ/ਡੀ. ਜੀ. ਪੀ. ਬਣਨ ਦੇ ਮੌਕੇ ਮਿਲੇ। ਧਰਮਸੌਤ ਨੇ ਕਿਹਾ ਕਿ ਜੇਕਰ ਅਸੀਂ ਬਾਬਾ ਸਾਹਿਬ ਦੇ ਆਦਰਸ਼/ਪ੍ਰੇਰਨਾ ਅਨੁਸਾਰ ਕੰਮ ਕਰੀਏ ਤਾਂ ਚੰਗੇ ਸਮਾਜ ਦੀ ਰਚਨਾ ਹੋ ਸਕਦੀ ਹੈ।
ਇਸ ਮੌਕੇ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਜਗਮੋਹਨ ਚੌਹਾਨ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਕਿਹਾ ਅਤੇ ਜਥੇਬੰਦੀਆਂ ਨੇ ਸਨਮਾਨ ਕੀਤਾ। ਪੰਚਾਇਤੀ ਵਿਭਾਗ ਦੇ ਰਿਜਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ, ਸਾਬਕਾ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਗਾਗਟ, ਅਸ਼ੋਕ ਕੁਮਾਰ ਬਿੱਟੂ (ਸੀਨੀਅਰ ਕੌਂਸਲਰ), ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸਰਵਮੋਹਿਤ ਮੋਨੂੰ ਡੱਲਾ, ਹਰੀ ਕ੍ਰਿਸ਼ਨ ਸੇਠ, ਰੁਪਿੰਦਰ ਕੌਸ਼ਲ, ਜਗਤਾਰ ਸਿੰਘ ਸਾਧੋਹੇੜੀ ਸਾਬਕਾ ਡਾਇਰੈਕਟਰ ਪੀ. ਆਰ. ਟੀ. ਸੀ. ਤੋਂ ਇਲਾਵਾ ਚਰਨਜੀਤ ਬਾਤਿਸ਼, ਪੀ. ਏ. ਜਗਜੀਤ ਸਿੰਘ ਦੁਲੱਦੀ, ਮਹੰਤ ਨਰੇਸ਼ ਬਾਗਾ, ਹੇਮੰਤ ਬਾਂਸਲ ਤੇ ਅਨੇਕ ਕੌਂਸਲਰ ਵੀ ਹਾਜ਼ਰ ਸਨ। ਅਨੇਕ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਵੇਦ ਪ੍ਰਕਾਸ਼ ਨੇ ਯਾਦਗਾਰੀ-ਚਿੰਨ੍ਹ ਭੇਟ ਕੀਤੇ। ਵਿਸ਼ਾਲ ਲੰਗਰ ਵਰਤਾਇਆ ਗਿਆ।