108 ਐਂਬੂਲੈਂਸ ਦਾ ਜ਼ਖ਼ਮੀਆਂ ਤੇ ਮਰੀਜ਼ਾਂ ਨੂੰ ਨਹੀਂ ਮਿਲ ਰਿਹੈ ਯੋਗ ਲਾਭ

Monday, May 21, 2018 - 07:23 AM (IST)

108 ਐਂਬੂਲੈਂਸ ਦਾ ਜ਼ਖ਼ਮੀਆਂ ਤੇ ਮਰੀਜ਼ਾਂ ਨੂੰ ਨਹੀਂ ਮਿਲ ਰਿਹੈ ਯੋਗ ਲਾਭ

 ਨਵਾਂਸ਼ਹਿਰ (ਤ੍ਰਿਪਾਠੀ) - ਪੰਜਾਬ ਸਰਕਾਰ ਵੱਲੋਂ ਸਡ਼ਕ ਹਾਦਸਿਆਂ ’ਚ ਜ਼ਖ਼ਮੀ ਹੋਣ  ਵਾਲੇ  ਲੋਕਾਂ ਨੂੰ ਤੁਰੰਤ ਫਸਟ ਏਡ ਦਿਵਾਉਣ ਤੇ ਹਸਪਤਾਲ ’ਚ ਇਲਾਜ ਲਈ ਸਮੇਂ ਸਿਰ ਪਹੁੰਚਾਉਣ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਹਰ ਇਕ ਸ਼ਹਿਰ ’ਚ 108 ਐਂਬੂਲੈਂਸ ਤਾਇਨਾਤ ਕੀਤੀ ਗਈ ਹੈ।  ਉਕਤ ਐਂਬੂਲੈਂਸ ਨਾ ਕੇਵਲ ਸਡ਼ਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮੁੱਢਲਾ ਇਲਾਜ ਦੇ ਕੇ  ਹਸਪਤਾਲ ਪਹੁੰਚਾਉਂਦੀ ਹੈ, ਸਗੋਂ ਸ਼ਹਿਰਾਂ ਦੇ ਨਾਲ-ਨਾਲ ਪੇਂਡੂ  ਇਲਾਕਿਅਾਂ ’ਚ ਸਾਧਨਾਂ ਤੋਂ ਵਾਂਝੇ ਮਰੀਜ਼ਾਂ ਦੀ ਸਿਰਫ ਇਕ ਕਾਲ ’ਤੇ ਮੌਕੇ ’ਤੇ ਪਹੁੰਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਉਂਦੀ ਹੈ। 108 ਐਂਬੂਲੈਂਸ ਦੀ ਨਿਯੁਕਤੀ ਸ਼ਹਿਰ  ਦੇ ਕੇਂਦਰੀ ਸਥਾਨ ਸਿਵਲ ਸਰਜਨ ਦਫਤਰ ’ਚ ਕਰਨ ਦੀ ਥਾਂ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰ ਜ਼ਿਲਾ ਹਸਪਤਾਲ ’ਚ ਕਰਨ ਕਰ ਕੇ ਜਿਥੇ ਕਈ ਵਾਰ ਮਰੀਜ਼ ਉਸ  ਦੇ ਇੰਤਜ਼ਾਰ ’ਚ ਦਮ ਤੋਡ਼ ਦਿੰਦੇ ਹਨ, ਉਥੇ ਹੀ ਸਰਕਾਰੀ ਸਹੂਲਤ ਪਹੁੰਚਾਉਣ ਵਾਲੀ ਉਕਤ ਐਂਬੂਲੈਂਸ ਤੋਂ ਪਹਿਲਾਂ ਹੀ ਨਿੱਜੀ ਹਸਪਤਾਲ ਦੀ ਵੈਨ ਮੌਕੇ ’ਤੇ ਪਹੁੰਚ ਕੇ ਮਰੀਜ਼ਾਂ ਨੂੰ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਜਾਂਦੀ ਹੈ,  ਜਿਸ ਨਾਲ ਅਾਰਥਿਕ ਤੌਰ ’ਤੇ ਕਮਜ਼ੋਰ ਮਰੀਜ਼ ਹੀ ਨਹੀਂ ਮਰਦਾ, ਸਗੋਂ ਉਸਦਾ ਪਰਿਵਾਰ ਵੀ ਘੋਰ ਆਰਥਿਕ ਸੰਕਟ ’ਚ ਘਿਰ ਜਾਂਦਾ ਹੈ।
 ਨਿੱਜੀ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਲਈ 108 ਐਂਬੂਲੈਂਸ ਦੀ ਲੋਕੇਸ਼ਨ ਰੱਖੀ ਗਈ ਹੈ ਜ਼ਿਲਾ ਸਰਕਾਰੀ ਹਸਪਤਾਲ!
 ਪੰਜਾਬ ਸਰਕਾਰ ਵੱਲੋਂ ਜਿਸ ਮੰਤਵ ਲਈ ਉਕਤ 108 ਐਂਬੂਲੈਂਸ ਲਾਈ ਗਈ ਹੈ, ਉਸਦਾ ਪੂਰਾ ਲਾਭ ਨਵਾਂਸ਼ਹਿਰ ਵਾਸੀਆਂ ਨੂੰ ਨਹੀਂ ਮਿਲ ਰਿਹਾ।  ਗਡ਼੍ਹਸ਼ੰਕਰ ਰੋਡ ’ਤੇ ਹੋਏ ਇਕ ਹਾਦਸੇ ਦੇ ਗਵਾਹ ਨੇ ਦੱਸਿਆ ਕਿ ਅੱਜ ਇਕ ਬਾਈਕ ਅਤੇ ਕਾਰ ਵਿਚਕਾਰ ਟੱਕਰ ਹੋਣ ਕਾਰਨ ਜ਼ਖ਼ਮੀ ਹੋਏ ਬਾਈਕ ਸਵਾਰ ਨੂੰ ਸਰਕਾਰੀ ਹਸਪਤਾਲ ਪਹੁੰਚਾਉਣ ਲਈ 108 ਨੰਬਰ ’ਤੇ ਕਾਲ ਕੀਤੀ ਗਈ ਸੀ ਪਰ ਕਾਫ਼ੀ ਸਮੇਂ ਤੱਕ ਐਂਬੂਲੈਂਸ  ਦੇ ਮੌਕੇ ’ਤੇ ਨਾ ਪੁੱਜਣ ’ਤੇ ਜ਼ਖ਼ਮੀ  ਵਿਅਕਤੀ  ਨੂੰ ਪ੍ਰਾਈਵੇਟ ਸਵਾਰੀ ਕਰ ਕੇ ਹਸਪਤਾਲ ਭੇਜਿਆ ਗਿਆ ।  ਕੁਝ ਲੋਕਾਂ ਨੇ ਜ਼ਿਲਾ ਸਿਹਤ ਪ੍ਰਸ਼ਾਸਨ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 108 ਐਂਬੂਲੈਂਸ ਦੀ ਨਿਯੁਕਤੀ ਸਿਟੀ  ਦੇ ਕੇਂਦਰੀ ਥਾਂ ਸਿਵਲ ਸਰਜਨ ਦਫਤਰ  ਵਿਖੇ ਕਰਨ ਦੀ ਥਾਂ ਸਿਵਲ ਹਸਪਤਾਲ ਜੋ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰ ਹੈ,  ਵਿਖੇ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਸ਼ਹਿਰ  ਦੇ ਰਾਹੋਂ ਰੋਡ, ਕਰਿਆਮ ਰੋਡ, ਗਡ਼੍ਹਸ਼ੰਕਰ ਰੋਡ ਅਤੇ ਬੰਗਾ ਰੋਡ ’ਤੇ ਹੋਏ ਕਿਸੇ ਵੀ ਹਾਦਸੇ ’ਤੇ ਪਹੁੰਚਣ ਲਈ ਐਂਬੂਲੈਂਸ ਨੂੰ 20-25 ਮਿੰਟ ਲੱਗਦੇ ਹਨ ਜੇਕਰ ਸੜਕ ’ਤੇ ਕੋਈ ਜਾਮ ਵਗੈਰਾ ਨਾ ਹੋਵੇ ਪਰ ਕੋਈ ਅਡ਼ਚਣ ਆਉਣ ’ਤੇ ਲੱਗਣ ਵਾਲੇ ਸਮੇਂ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।  ਇਥੇ ਹੀ ਨਹੀਂ, ਸਿਵਲ ਹਸਪਤਾਲ ਦੇ ਲਿੰਕ ਰੋਡ ਤੋਂ ਮੁੱਖ ਰਾਸ਼ਟਰੀ ਮਾਰਗ ’ਤੇ ਵਾਹਨਾਂ ਦੀ ਲਗਾਤਾਰ ਆਵਾਜਾਈ ਵੀ 108 ਐਂਬੂਲੈਂਸ ਦੇ ਰਸਤੇ ’ਚ ਅਡ਼ਚਣ ਬਣਦੀ ਹੈ  ਪਰ ਜੇਕਰ ਇਸਦੀ ਲੋਕੇਸ਼ਨ ਸਿਵਲ ਸਰਜਨ ਦਫਤਰ  ਿਵਖੇ ਹੋਵੇ ਤਾਂ ਸ਼ਹਿਰ  ਦੇ ਕਿਸੇ ਵੀ ਕੋਨੇ ’ਤੇ ਪੁੱਜਣ  ਲਈ ਸਿਰਫ਼ 10 ਮਿੰਟ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ।  

 


Related News