ਮਜੀਠੀਆ ਨੇ ਕੀਤਾ ਸਰਕਾਰੀ ਸਕੂਲ ਦੇ ਬਿਜਲੀ ਬਿੱਲ ਦਾ ਭੁਗਤਾਨ
Monday, May 21, 2018 - 03:40 AM (IST)

ਅੰਮ੍ਰਿਤਸਰ (ਛੀਨਾ) - ਸਰਕਾਰੀ ਪ੍ਰਾਇਮਰੀ ਸਕੂਲ ਕੱਥੂਨੰਗਲ ਦੀ ਬਿਜਲੀ ਕੱਟ ਦਿੱਤੇ ਜਾਣ ਕਾਰਨ ਅੱਤ ਦੀ ਗਰਮੀ 'ਚ ਵਿਦਿਆਰਥੀਆਂ ਤੇ ਸਟਾਫ ਨੂੰ ਭਾਰੀ ਪ੍ਰੇਸ਼ਾਨੀ ਨਾਲ ਜੂਝਣਾ ਪੈ ਰਿਹਾ ਸੀ, ਜਿਸ ਸਬੰਧੀ ਅਖਬਾਰਾਂ 'ਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਬਕਾ ਮੰਤਰੀ ਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਕੂਲ ਦਾ ਬਿੱਲ ਤਾਰਨ ਲਈ ਆਪਣੀ ਜੇਬ 'ਚੋਂ ਪੈਸੇ ਦਿੱਤੇ। ਇਸ ਮੌਕੇ ਸ. ਮਜੀਠੀਆ ਨੇ ਕਾਂਗਰਸ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਕਾਂਗਰਸੀ ਆਗੂਆਂ ਦੇ ਤਾਂ 84 ਲੱਖ ਤੱਕ ਦੇ ਬਿੱਲ ਮੁਆਫ ਕਰ ਦਿੱਤੇ ਹਨ ਪਰ ਉਸ ਕੋਲ ਸਕੂਲਾਂ ਦੇ ਬੱਚਿਆਂ ਲਈ ਪੈਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਸਰਕਾਰੀ ਸਕੂਲ ਦੇ ਬਿੱਲ ਦਾ ਅੱਜ ਭੁਗਤਾਨ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਬਿਜਲੀ ਸਪਲਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਗੂੜ੍ਹੀ ਨੀਂਦ 'ਚ ਸੌਂ ਰਹੀ ਹੈ, ਜਿਸ ਨੂੰ ਅਜਿਹੇ ਅਹਿਮ ਬਿੱਲਾਂ ਦੇ ਭੁਗਤਾਨ ਲਈ ਫੰਡ ਜਾਰੀ ਕਰਨ ਦੀ ਕੋਈ ਪ੍ਰਵਾਹ ਨਹੀਂ, ਜਦਕਿ ਭਿਆਨਕ ਗਰਮੀ ਪੈ ਰਹੀ ਹੈ ਅਤੇ ਬੱਚਿਆਂ ਦਾ ਦਰੱਖਤਾਂ ਹੇਠਾਂ ਕਲਾਸਾਂ ਲਾਉਣ ਲਈ ਮਜਬੂਰ ਹੋਣਾ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਹਿਲਾਂ ਸੂਬੇ ਦੇ 800 ਐਲੀਮੈਂਟਰੀ ਸਕੂਲ ਬੰਦ ਕਰ ਦਿੱਤੇ, ਜਿਨ੍ਹਾਂ 'ਚੋਂ ਬਹੁਤੇ ਅੰਮ੍ਰਿਤਸਰ ਬਾਰਡਰ ਜ਼ਿਲੇ ਨਾਲ ਸਬੰਧਤ ਸਨ, ਜਿਸ ਕਾਰਨ ਅੰਮ੍ਰਿਤਸਰ ਤੋਂ ਬਾਅਦ ਹਲਕਾ ਮਜੀਠਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਲਈ ਫੰਡਾਂ ਦੀ ਘਾਟ ਕਾਂਗਰਸ ਸਰਕਾਰ ਵੱਲੋਂ ਸਿੱਖਿਆ ਪ੍ਰਤੀ ਤਰਜੀਹਾਂ ਦੀ ਘਾਟ ਕਾਰਨ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਰਕਾਰ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕਰ ਸਕਦੀ ਤਾਂ ਇਹ ਕਿਸ ਕੰਮ ਦੀ ਹੈ। ਇਸ ਲਈ ਸਿੱਖਿਆ ਵਿਭਾਗ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਸਮਾਜ ਦੇ ਗਰੀਬ ਤਬਕੇ ਦੇ ਬੱਚੇ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਹਨ, ਜੋ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਸਕੂਲ ਦੀ ਸਿੱਖਿਆ ਉੱਚ ਤਰਜੀਹੀ 'ਤੇ ਸੀ ਪਰ ਕਾਂਗਰਸ ਸਿੱਖਿਆ ਵਰਗੇ ਇਸ ਅਹਿਮ ਖੇਤਰ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਪਣੇ ਬੁਨਿਆਦੀ ਫਰਜ਼ ਤੋਂ ਦੂਰ ਨਹੀਂ ਰਹਿ ਸਕਦੀ। ਸਰਕਾਰ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਅਜਿਹੇ ਬਿੱਲਾਂ ਦਾ ਭੁਗਤਾਨ ਕਰਨਾ ਆਪਣਾ ਅਹਿਮ ਫਰਜ਼ ਸਮਝੇ।