ਖਸਰਾ ਤੇ ਰੁਬੇਲਾ ਇਕ ਵਾਇਰਲ ਬੀਮਾਰੀ ਹੈ : ਡਾ. ਤਰਸੇਮ

05/03/2018 2:46:26 PM

ਭੁਲੱਥ, (ਰਜਿੰਦਰ)—ਵਿਸ਼ਵ ਸਿਹਤ ਸੰਗਠਨ ਵਲੋਂ ਦੇਸ਼ ਭਰ ਵਿਚ ਸ਼ੁਰੁ ਕੀਤੀ ਗਈ ਖਸਰਾ-ਰੁਬੇਲਾ ਮੁਹਿੰਮ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਪੂਰੇ ਪੰਜਾਬ ਦੇ ਵੱਖ -ਵੱਖ ਜ਼ਿਲਿਆ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਤਹਿਤ ਸਬ ਡਵੀਜ਼ਨ ਹਸਪਤਾਲ ਭੁਲੱਥ ਵਲੋਂ ਐੱਸ. ਐੱਮ. ਓ. ਤਰਸੇਮ ਸਿੰਘ ਦੀ ਅਗਵਾਈ ਹੇਠ ਭੁਲੱਥ ਦੇ ਸ਼ਿਸ਼ੂ ਮਾਡਲ ਸਕੂਲ ਵਿਖੇ ਮੀਜ਼ਲ (ਖਸਰਾ)-ਰੁਬੇਲਾ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦੌਰਾਨ ਅੱਜ ਪਹਿਲੇ ਦਿਨ ਇਥੇ 250 ਬੱਚਿਆਂ ਦਾ ਟੀਕਾਕਰਣ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਖਸਰਾ ਤੇ ਰੁਬੇਲਾ ਇਕ ਵਾਇਰਲ ਬੀਮਾਰੀ ਹੈ, ਜਿਸ ਤਹਿਤ ਬੱਚਿਆਂ ਨੂੰ ਤੇਜ਼ ਬੁਖਾਰ, ਅੱਖਾਂ ਦਾ ਲਾਲ ਹੋਣਾ, ਜ਼ੁਕਾਮ ਤੇ ਖਾਸੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੀਜ਼ਲ (ਖਸਰਾ) ਤੇ ਰੁਬੇਲਾ ਕਾਰਨ ਭਾਰਤ ਵਿਚ ਇਕ ਸਾਲ ਦੌਰਾਨ ਹਜ਼ਾਰਾਂ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਮੀਜ਼ਲ-ਰੁਬੇਲਾ ਮੁਹਿੰਮ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਸਹੀ ਨਹੀਂ ਹਨ ਅਤੇ ਇਹ ਮੁਹਿੰਮ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬੱਚਿਆਂ ਦੇ ਸਿਹਤਮੰਦ ਜੀਵਨ ਲਈ ਅਤਿ ਜ਼ਰੂਰੀ ਹੈ।
ਇਸ ਮੌਕੇ ਭੁਲੱਥ ਤੋਂ ਐੱਮ. ਆਰ. ਮੁਹਿੰਮ ਦੇ ਨੋਡਲ ਅਫਸਰ ਅਤੇ ਬੱਚਿਆਂ ਦੇ ਮਾਹਿਰ ਡਾ. ਭੁਪਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ 9 ਮਹੀਨੇ ਤੋਂ 15 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਮ. ਆਰ. ਮੁਹਿੰਮ ਤਹਿਤ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ, ਆਰਮੀ, ਕੇਂਦਰੀ ਸਕੂਲਾਂ, ਆਂਗਣਵਾੜੀ, ਪਲੇ-ਵੇ ਆਦਿ ਸਮੂਹ ਅਦਾਰਿਆਂ ਵਿਚ ਜਿਥੇ 9 ਮਹੀਨੇ ਤੋਂ 15 ਸਾਲ ਤਕ ਦੇ ਬੱਚੇ ਆਉਂਦੇ ਹਨ, ਦਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਹਫਤੇ ਸਕੂਲਾਂ ਵਿਚ ਅਤੇ ਬਾਅਦ ਵਿਚ ਆਊਟ ਰੀਚ ਬੂਥ ਲਾ ਕੇ ਰਹਿੰਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਚੇਅਰਮੈਨ ਕ੍ਰਿਸ਼ਨ ਲਾਲ ਅਤੇ ਪ੍ਰਿੰਸੀਪਲ ਸੁਨੀਲ ਸ਼ਰਮਾ ਨੇ ਬੱਚਿਆਂ ਦੇ ਮਾਪਿਆਂ ਨੂੰ ਟੀਕਾਕਰਣ ਕਰਵਾਉਣ ਲਈ ਪ੍ਰੇਰਿਆ।


Related News