ਕਬੱਡੀ ਦਾ ਉਭਰਦਾ ਕੁਮੈਂਟੇਟਰ-ਬਿੱਲਾ ਮਹਿਮੇਵਾਲਾ

05/22/2018 5:00:43 PM

ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ।ਇਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਪੰਜਾਬੀ ਸਿਰਤੋੜ ਯਤਨ ਕਰ ਰਹੇ ਹਨ। ਖੇਡਾਂ ਦੇ ਪਿੜਾਂ ਅੰਦਰ ਪੰਜਾਬ ਦੇ ਜਾਇਆ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ।ਜਿੱਥੇ ਕਬੱਡੀ ਖਿਡਾਰੀ ਅਤੇ ਕੁਮੈਂਟੇਟਰ ਦਿਨ-ਰਾਤ ਇਸ ਦੀ ਸੇਵਾ ਵਿਚ ਲੱਗੇ ਹੋਏ ਹਨ। ਉੱਥੇ ਦਰਸ਼ਕ ਵੀ ਖੇਡ ਮੈਦਾਨਾਂ ਅੰਦਰ ਪੁੱਜ ਕੇ ਇਸ ਨੂੰ ਚਾਰ ਚੰਨ ਲਗਾਉਂਦੇ ਹਨ।ਇਸ ਤਰ੍ਹਾਂ ਹੀ ਕੁਮੈਂਟਰੀ ਦੇ ਖੇਤਰ ਵਿਚ ਸੇਵਾ ਨਿਭਾਉਣ ਵਾਲਾ ਨਾਂ ਬਿੱਲਾ ਮਹਿਮੇਵਾਲਾ ਹੈ। ਬਿੱਲਾ ਮਹਿਮੇਵਾਲਾ ਦਾ ਪੂਰਾ ਨਾਂ ਮਨਵਿੰਦਰ ਸਿੰਘ ਹੈ।ਇਸਦਾ ਜਨਮ 19 ਮਾਰਚ 1997 ਨੂੰ ਪਿਤਾ ਸਵ. ਸ. ਹਰਭਗਵਾਨ ਸਿੰਘ ਅਤੇ ਮਾਤਾ ਸ੍ਰ. ਜਸਵਿੰਦਰ ਕੌਰ ਦੀ ਕੁੱਖੋਂ ਪਿੰਡ ਮਹਿਮੇਵਾਲਾ, ਮੋਗਾ ਵਿਖੇ ਹੋਇਆ।
ਬਿੱਲਾ ਮਹਿਮੇਵਾਲਾ ਨੂੰ ਸ਼ੁਰੂ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਸੀ। ਲਗਭਗ 2 ਸਾਲ ਬਤੌਰ ਕਬੱਡੀ ਖਿਡਾਰੀ ਇਸ ਖੇਡ ਨੂੰ ਸਮਰਪਿਤ ਰਿਹਾ। ਬਾਰਵੀਂ ਕਰਨ ਉਪਰੰਤ ਇਸਨੇ ਕੰਪਿਊਟਰ ਡਿਪਲੋਮਾ (ਬੀ.ਸੀ.ਏ) ਵਿਚ ਕਿਲੀ ਚਾਹਲਾਂ ਵਿਖੇ ਦਾਖਲਾ ਲੈ ਲਿਆ। ਪਰ ਅਚਾਨਕ ਹੀ ਇਸ ਸਮੇਂ ਦੌਰਾਨ ਬਿੱਲਾ ਮਹਿਮੇਵਾਲਾ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਿਸ ਕਰਕੇ ਇਸ ਨੌਜਵਾਨ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਅੰਦਰੋਂ ਟੁੱਟ ਜਾਣ ਕਰਕੇ ਅਤੇ ਘਰੇਲੂ ਮਜ਼ਬੂਰੀ ਕਰਕੇ ਇਸ ਨੂੰ ਆਪਣੀ ਪੜ੍ਹਾਈ ਅਤੇ ਖੇਡ ਵਿਚ ਹੀ ਛੱਡਣੀ ਪਈ। ਛੋਟੀ ਉਮਰ ਵਿਚ ਹੀ ਪਰਿਵਾਰਕ ਜ਼ਿੰਮੇਵਾਰੀਆਂ ਸਿਰ 'ਤੇ ਆ ਪਈਆਂ। ਉਦਾਸ ਭਰੀ ਜ਼ਿੰਦਗੀ 'ਤੇ ਚੱਲਦਿਆਂ ਇਸਦੀ ਮੁਲਾਕਾਤ ਪ੍ਰਸਿੱਧ ਕੁਮੈਂਟੇਟਰ ਬੂਟਾ ਖਾਨ ਆਲਮਵਾਲਾ ਅਤੇ ਭਗਵਾਨ ਸਿੰਘ ਰਾਮੂੰਵਾਲਾ ਨਾਲ ਹੋਈ। ਜਿਨ੍ਹਾਂ ਨੂੰ ਇਸ ਨੇ ਆਪਣੇ ਸ਼ੌਂਕ ਬਾਰੇ ਜਾਣੂ ਕਰਵਾਇਆ। ਜੋ ਅਜੇ ਇਸਦੇ ਸੀਨੇ ਵਿਚ ਉਬਾਲੇ ਮਾਰ ਰਿਹਾ ਸੀ। ਇਹਨਾਂ ਦੀ ਪ੍ਰੇਰਣਾ ਸਦਕਾ ਹੀ ਬਿੱਲਾ ਮਹਿਮੇਵਾਲਾ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ। ਇਨ੍ਹਾਂ ਨਾਲ ਬਿੱਲੇ ਦਾ ਖੇਡ ਮੇਲਿਆਂ 'ਤੇ ਆਉਣਾ-ਜਾਉਣਾ ਦੀ ਚਿਣਗ ਲੱਗੀ । ਇਸਦੇ ਇਸ ਸ਼ੌਂਕ ਤੋਂ ਪਰਿਵਾਰਕ ਮੈਂਬਰ ਨਾਖੁਸ਼ ਸਨ ਪਰ ਇਸਤੋਂ ਪਿੱਛੋਂ ਬਿੱਲਾ ਮਹਿਮੇਵਾਲਾ ਨੇ ਦਿਨ-ਰਾਤ ਘਾਲਣਾ-ਘਾਲ ਕੇ ਆਪਣੀ ਝਿੱਜਕ ਦੂਰ ਕੀਤੀ। 2015 ਵਿਚ ਬਿੱਲਾ ਮਹਿਮੇਵਾਲਾ ਨੇ ਪਹਿਲੀ ਵਾਰ ਮਾਇਕ 'ਤੇ ਬੋਲਣ ਦੀ    ਭੁਮਿਕਾ ਨਿਭਾਈ।ਇਸ ਬੁਲਾਰੇ ਦੁਆਰਾ ਬੋਲੇ ਜਾਂਦੇ ਪੰਜਾਬੀ ਭਾਸ਼ਾ ਦੇ ਠੇਠ ਸ਼ਬਦਾਂ ਅਤੇ ਮੁਹਾਵਰਿਆਂ        ਦੁਆਰਾ ਆਪਣੀ ਕਲਾ ਨੂੰ ਪ੍ਰਦਰਸ਼ਿਤ ਕੀਤਾ। ਇਸਦੇ ਬੋਲਣ ਦੇ ਅੰਦਾਜ਼ ਨੇ ਦਰਸ਼ਕਾਂ ਨੂੰ ਕੀਲ਼ ਲਿਆ। ਸਰੋਤਿਆਂ ਦੁਆਰਾ ਕੀਤੀ ਪ੍ਰਸ਼ੰਸ਼ਾਂ ਨੇ ਇਸਦਾ ਹੌਂਸਲਾ ਵਧਾਉਣ ਵਿਚ ਅਹਿਮ ਯੋਗਦਾਨ ਪਾਇਆ। ਆਪਣੀ ਕਲਾ ਨੂੰ ਮੋਗਾ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਲੁਧਿਆਣਾ, ਬਠਿੰਡਾ ਆਦਿ ਜ਼ਿਲਿਆਂ ਦੇ ਖੇਡ ਮੈਦਾਨਾਂ ਅੰਦਰ ਬਿਖੇਰ ਕੇ ਨਾਮਣਾ ਖੱਟ ਚੁੱਕਾ ਹੈ। ਇਹਨਾਂ ਵੱਖ-ਵੱਖ ਖੇਡ ਮੈਦਾਨਾਂ ਤੋਂ ਬਿੱਲਾ ਮਹਿਮੇਵਾਲਾ ਨੂੰ ਹੁਣ ਤੱਕ ਚਾਂਦੀ ਦੀ ਚੇਨ, ਜੂਸਰ, ਫਰਿੱਜ, ਮੋਟਰ ਸਾਈਕਲ ਆਦਿ ਇਨਾਮਾਂ ਨਾਲ ਨਿਵਾਜਿਆਂ ਜਾ ਚੁੱਕਾ ਹੈ।ਸ਼ਾਂਤ ਅਤੇ ਮਿਲਾਪੜੇ ਸੁਭਾਅ ਦਾ ਬਿੱਲਾ ਜਦ ਖੇਡ ਮੈਦਾਨ ਅੰਦਰ ਬੋਲਦਾ ਹੈ ਤਾਂ ਗਰਾਊਂਡ ਦੇ ਚੁਫੇਰੇ ਚੁੱਪ ਪਸਰਦੀ ਹੈ।ਆਸ-ਪਾਸ ਦੇ ਖੇਤਰ ਵਿਚ ਵਧਦੀ ਪ੍ਰਸਿੱਧੀ ਨਾਲ ਰਿਸ਼ਤੇਦਾਰਾਂ ਅਤੇ ਪਰਵਾਰਿਕ ਮੈਬਰਾਂ ਨੂੰ ਹੁਣ ਇਸ ਉੱਪਰ ਨਾਜ਼ ਮਹਿਸੂਸ ਹੋਣ ਲੱਗਾ ਹੈ। ਜੋ ਕਦੀ ਇਸ ਕਿੱਤੇ ਤੋਂ ਇਸ ਪ੍ਰਤੀ ਨਾਖੁਸ਼ ਸਨ ਹੁਣ ਸਭ ਇਸ ਨੂੰ ਹੋਰ ਅੱਗੇ ਵਧਣ ਦੀ ਹੱਲਾਸ਼ੇਰੀ ਦੇ ਰਹੇ ਹਨ। ਬਿੱਲਾ ਮਹਿਮੇਵਾਲਾ ਨੇ ਦੱਸਿਆ ਕਿ ਉਸਦਾ ਮਕਸਦ ਮਾਂ ਖੇਡ ਕਬੱਡੀ ਦੀ ਸੱਚੇ ਮਨੋਂ ਸੇਵਾ ਕਰਨਾ ਹੈ। ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਖੇਡ ਨੂੰ ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਬਿੱਲਾ ਮਹਿਮੇਵਾਲਾ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਸਾਫ-ਸੁਥਰੀ, ਨਸ਼ੇ ਰਹਿਤ ਤੇ ਇਮਾਨਦਾਰੀ ਦੀ ਖੇਡ ਖੇਡਣ। ਤਾਂ ਜੋ ਕੋਈ ਇਸ ਉੱਪਰ ਕੋਈ ਉਂਗਲ ਨਾ ਉੱਠਾ ਸਕੇ।ਸ਼ਾਲਾ! ਇਸ ਉਭਰਦੇ ਕੁਮੈਂਟੇਟਰ ਦੇ ਖੁਆਬ ਜ਼ਰੂਰ ਪੂਰੇ ਹੋਣ।
ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।
9914586784

 


Related News