ਹਰਿੰਦਰ ਸਿੰਘ ਖਾਲਸਾ ਨੇ 24 ਘੰਟਿਆਂ ਅੰਦਰ ਆਪਣਾ ਵਾਅਦਾ ਪੂਰਾ ਕੀਤਾ

Thursday, May 31, 2018 - 02:13 AM (IST)

ਹਰਿੰਦਰ ਸਿੰਘ ਖਾਲਸਾ ਨੇ 24 ਘੰਟਿਆਂ ਅੰਦਰ ਆਪਣਾ ਵਾਅਦਾ ਪੂਰਾ ਕੀਤਾ

ਬੱਸੀ ਪਠਾਣਾਂ(ਰਾਜਕਮਲ)- 'ਜਗ ਬਾਣੀ' ਵਲੋਂ ਬੀਤੇ ਦਿਨ ਹੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਸੀ ਪਠਾਣਾਂ ਵਿਚ ਠੰਡਾ ਤੇ ਸ਼ੁੱਧ ਪਾਣੀ ਉਪਲੱਬਧ ਨਾ ਹੋਣ ਦੀ ਸਮੱਸਿਆ ਨਾਲ ਸਬੰਧਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਦਾ ਅਸਰ ਇਹ ਹੋਇਆ ਕਿ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਵਲੋਂ ਸਕੂਲ ਵਿਚ ਅਗਲੇ ਹੀ ਦਿਨ ਆਰ. ਓ. ਕੁਨੈਕਟਿਡ ਵਾਟਰ ਕੂਲਰ ਲਗਾ ਕੇ ਆਪਣਾ ਵਾਅਦਾ ਪੂਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਿਸਟਮ ਨਾਲ ਰੋਜ਼ਾਨਾ 8 ਤੋਂ 10 ਘੰਟੇ ਤੱਕ ਇਕ ਹਜ਼ਾਰ ਲਿਟਰ ਸ਼ੁੱਧ ਤੇ ਠੰਡਾ ਪਾਣੀ ਮੁਹੱਈਆ ਹੋਵੇਗਾ ਜੋ ਕਿ ਤਕਰੀਬਨ 500 ਬੱਚਿਆਂ ਲਈ ਕਾਫੀ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਨੇਤਾ ਉਹੀ ਹੋਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਕੇ ਦਿਖਾਵੇ। ਸ. ਖਾਲਸਾ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਪਰ ਉਨ੍ਹਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਨਿਰਾਸ਼ ਕਰਨ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਖੇਤਰ ਵਿਚ ਆਪਣਾ ਕਦਮ ਰੱਖਿਆ ਹੈ ਤਾਂ ਜੋ ਜਨਤਾ ਦੀਆਂ ਜੋ ਜ਼ਰੂਰਤਾਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 'ਜਗ ਬਾਣੀ ਸਮੂਹ' ਵਲੋਂ ਸਮੇਂ-ਸਮੇਂ ਸਿਰ ਲੋਕ ਦੇ ਮਸਲੇ ਸਰਕਾਰ ਤੱਕ ਪਹੁੰਚਾਉਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾਂਦਾ ਹੈ ਜਿਸ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਇਸ ਮੌਕੇ ਸਕੂਲ ਪ੍ਰਿੰ. ਦਮਨਜੀਤ ਕੌਰ ਤੇ ਸਮੂਹ ਸਟਾਫ਼ ਨੇ ਸ. ਖਾਲਸਾ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।


Related News