5 ਹਜ਼ਾਰ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਣੇ 5 ਕਾਬੂ
Thursday, May 31, 2018 - 03:56 AM (IST)
ਝਬਾਲ, (ਨਰਿੰਦਰ, ਲਾਲੂਘੁੰਮਣ)- ਸਥਾਨਕ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਅੱਡਾ ਝਬਾਲ ਦੇ ਬਾਹਰਵਾਰ ਇਕ ਗੋਦਾਮ 'ਚ ਅੰਗਰੇਜ਼ੀ ਸ਼ਰਾਬ ਦੇ ਨਾਂ 'ਤੇ ਚਲਾਏ ਜਾ ਰਹੇ ਗੋਰਖ ਧੰਦੇ ਨੂੰ ਸਥਾਨਕ ਪੁਲਸ ਨੇ ਬੇਨਕਾਬ ਕਰਦਿਆਂ ਛਾਪਾ ਮਾਰ ਕੇ ਲਗਭਗ 5 ਹਜ਼ਾਰ ਪੇਟੀਆਂ ਸਣੇ 5 ਵਿਅਕਤੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਤਨਾਮ ਸਿੰਘ ਨੇ ਥਾਣਾ ਝਬਾਲ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੂੰ ਗੁਪਤ ਇਤਲਾਹ ਮਿਲੀ ਕਿ ਝਬਾਲ ਅੱਡੇ ਦੇ ਬਾਹਰ ਬਣੇ ਗੋਦਾਮ 'ਚ ਸ਼ਰਾਬ ਦੇ ਸਥਾਨਕ ਠੇਕੇਦਾਰਾਂ ਵੱਲੋਂ ਬਿਨਾਂ ਲੇਬਲ ਅੰਗੇਰਜ਼ੀ ਸ਼ਰਾਬ ਦੀਆਂ ਬੋਤਲਾਂ ਤਿਆਰ ਕਰ ਕੇ ਅੱਗੇ ਆਪ ਲੇਬਲ ਲਾ ਕੇ ਵੇਚੀਆਂ ਜਾ ਰਹੀਆਂ ਹਨ।
ਇਸ 'ਤੇ ਥਾਣਾ ਮੁਖੀ ਮਨੋਜ ਕੁਮਾਰ, ਇੰਸਪੈਕਟਰ ਮਨਜਿੰਦਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਹਰਭਜਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਬਿਨਾਂ ਲੇਬਲ 5 ਹਜ਼ਾਰ ਪੇਟੀਆਂ ਵੱਖ-ਵੱਖ ਬਰਾਂਡਾਂ ਦੀਆਂ ਸਣੇ 5 ਵਿਅਕਤੀਆਂ ਗੁਰਪ੍ਰੀਤ ਸਿੰਘ ਪੁੱਤਰ ਗੁਰਿੰਦਰ ਸਿੰਘ, ਵੀਰੂ ਪੁੱਤਰ ਜਨਕ ਰਾਜ, ਜੋਗਾ ਸਿੰਘ ਪੁੱਤਰ ਸੰਤੋਖ ਸਿੰਘ, ਗੁਰਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਲੱਕੀ ਪੁੱਤਰ ਨਰੇਸ਼ ਕੁਮਾਰ ਨੂੰ ਮੌਕੇ 'ਤੇ ਹੀ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਤਿਆਰ ਕਰਦਿਆਂ ਕਾਬੂ ਕਰ ਲਿਆ। ਡੀ. ਐੱਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਇਹ ਲੋਕ ਨਾਜਾਇਜ਼ ਜਾਅਲੀ ਅੰਗਰੇਜ਼ੀ ਸ਼ਰਾਬ ਤਿਆਰ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸਨ।
ਇਹ ਬਿਨਾਂ ਲੇਬਲ ਸ਼ਰਾਬ ਦੀਆਂ ਪੇਟੀਆਂ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਹਨ। ਫੜੇ ਗਏ ਵਿਅਕਤੀਆਂ ਵਿਰੁੱਧ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 54 ਧਾਰ 61/1/14, 420/120 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਜਾਅਲੀ ਅੰਗਰੇਜ਼ੀ ਸ਼ਰਾਬ ਤਿਆਰ ਕਰਨ ਦਾ ਗੋਰਖ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ, ਜਿਸ ਦੀ ਭਿਣਕ ਪੁਲਸ ਨੂੰ ਅੱਜ ਪੈਂਦਿਆਂ ਹੀ ਹਲਚਲ ਮਚ ਗਈ।
