ਸਿੱਖਿਆ ਵਿਭਾਗ ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਸਾਢੇ 21 ਲੱਖ ਠੱਗੇ
Tuesday, Jun 05, 2018 - 12:40 AM (IST)

ਗੁਰਦਾਸਪੁਰ(ਵਿਨੋਦ)- ਸਿੱਖਿਆ ਵਿਭਾਗ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ 3 ਵਿਅਕਤੀਆਂ ਤੋਂ ਲੱਗਭਗ 21 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਦੇ ਵਿਰੁੱਧ ਧਾਰੀਵਾਲ ਪੁਲਸ ਨੇ ਧਾਰਾ 420 ਅਤੇ 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ, ਪਰ ਦੋਸ਼ੀ ਫਰਾਰ ਦੱਸੇ ਜਾਂਦੇ ਹਨ। ਪੀੜਤ ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਪਿੰਡ ਛੰਨੀ ਮੁਆਲਾ ਪੁਲਸ ਸਟੇਸ਼ਨ ਸ਼ਾਹਪੁਰ ਕੰਢੀ ਨੇ ਜ਼ਿਲਾ ਪੁਲਸ ਸੁਪਰਿੰਟੈਂਡੈਂਟ ਨੂੰ 25 ਅਪ੍ਰੈਲ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਕ ਔਰਤ ਕੰਵਲਜੀਤ ਕੌਰ ਅਤੇ ਉਸ ਦੇ ਪਤੀ ਰਛਪਾਲ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਅਹਿਮਦਾਬਾਦ ਧਾਰੀਵਾਲ ਨੇ ਉਸ ਤੋਂ ਅਤੇ ਉਸ ਦੇ ਦੋਸਤਾਂ ਦੀਪਕ ਅਤੇ ਅਮਨਦੀਪ ਸਿੰਘ ਨੂੰ ਸਿੱਖਿਆ ਵਿਭਾਗ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਵੱਖ-ਵੱਖ ਤਰੀਕਾਂ 'ਤੇ 21 ਲੱਖ 50 ਹਜ਼ਾਰ ਰੁਪਏ ਲਏ ਹਨ, ਪਰ ਨਾ ਤਾਂ ਨੌਕਰੀ ਦਿਵਾਈ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਦਿਹਾਤੀ ਗੁਰਦਾਸਪੁਰ ਨੂੰ ਸੌਂਪੀ ਗਈ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਪਤੀ-ਪਤਨੀ ਵਿਰੁੱਧ ਕੇਸ ਦਰਜ ਕੀਤਾ ਗਿਆ।