ਅੱਗ ਨਾਲ ਗਰੀਬ ਵਿਅਕਤੀ ਦਾ ਘਰ ਸੜ ਕੇ ਸੁਆਹ, ਮਦਦ ਦੀ ਕੀਤੀ ਮੰਗ
Saturday, May 19, 2018 - 06:02 PM (IST)

ਬੱਧਨੀ ਕਲਾਂ (ਬੱਬੀ) - ਪਿੰਡ ਤਖਾਣਵੱਧ ਵਿਖੇ ਇਕ ਗਰੀਬ ਦਿਹਾੜੀਦਾਰ ਵਿਅਕਤੀ ਦੇ ਘਰ ਨੂੰ ਬੀਤੇ ਦਿਨ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਮਕਾਨ ਅੰਦਰ ਪਿਆ ਸਾਰਾ ਸਮਾਨ ਅਤੇ ਘਰ ਦੀ ਛੱਤ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਮਦਾਸ਼ੀਆ ਸਿੱਖ ਬਰਾਦਰੀ ਨਾਲ ਸਬੰਧਤ ਉਕਤ ਗਰੀਬ ਵਿਅਕਤੀ ਪ੍ਰੀਤਮ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਤਖਾਣਵੱਧ ਨੇ ਦੱਸਿਆ ਕਿ ਉਹ ਆਪਣੇ ਇਕ ਕਮਰੇ ਵਾਲੇ ਮਕਾਨ ਵਿਚ ਇਕੱਲਾ ਹੀ ਰਹਿੰਦਾ ਹੈ।
ਉਸ ਨੇ ਕਿਹਾ ਕਿ ਬੀਤੇ ਦਿਨ ਜਦੋਂ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਪਿਛੋਂ ਅਚਾਨਕ ਉਸ ਦੇ ਕਮਰੇ ਨੂੰ ਅੱਗ ਲੱਗ ਗਈ। ਇਸ ਘਟਨਾ ਦੇ ਬਾਰੇ ਗੁਆਂਢ 'ਚ ਰਹਿੰਦੇ ਲੋਕਾਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਨੇ ਰੋਲਾ ਪਾਇਆ ਅਤੇ ਇਕੱਠੇ ਹੋ ਕੇ ਕਮਰੇ 'ਚ ਲੱਗੀ ਅੱਗ ਬੁਝਾ ਦਿੱਤੀ। ਪੀੜਤ ਵਿਅਕਤੀ ਨੇ ਕਿਹਾ ਕਿ ਅੱਗ ਨਾਲ ਕਮਰੇ ਦੀ ਸਿਰਕੀ ਬੱਤੇ ਦੀ ਛੱਤ ਅਤੇ ਅੰਦਰ ਪਏ ਮੰਜੇ, ਬਿਸਤਰੇ, ਟੈਲੀਵੀਜਨ ਅਤੇ ਸਾਇਕਲ ਆਦਿ ਸਮਾਨ ਸੜ ਗਿਆ। ਉਸ ਨੇ ਕਿਹਾ ਕਿ ਹੁਣ ਉਸ ਕੋਲ ਰਹਿਣ ਲਈ ਨਾਂ ਤਾਂ ਕਮਰੇ ਦੀ ਛੱਤ ਹੈ ਅਤੇ ਨਾਂ ਹੀ ਬਣਾਉਣ ਲਈ ਪੈਸੇ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਖਹਿਰਾ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਕਿਹਾ ਕਿ ਕੁਦਰਤ ਦੀ ਮਾਰ ਨਾਲ ਇਸ ਗਰੀਬ ਦਾ ਜੋ ਨੁਕਸਾਨ ਹੋਇਆ ਹੈ ਉਸ ਤੋਂ ਸਾਰਾ ਪਿੰਡ ਬਹੁਤ ਦੁੱਖੀ ਹੈ। ਅੱਗ ਲੱਗਣ ਕਾਰਨ ਉਸ ਦੇ ਕੋਲ ਹੁਣ ਕੁਝ ਵੀ ਨਹੀਂ ਬਚਿਆ। ਇਸ ਸਬੰਧੀ ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਨੂੰ ਇਸ ਗਰੀਬ ਦਿਹਾੜੀਦਾਰ ਦਾ ਰੈਣ ਵਸੇਰਾ ਤਿਆਰ ਕਰਨ 'ਚ ਆਰਥਿਕ ਤੌਰ 'ਤੇ ਮਦਦ ਕਰਨ ਦੀ ਅਪੀਲ ਕੀਤੀ।