''ਖੇਡੋ ਇੰਡੀਆ'' ਵਿਚ ਪੰਜਾਬ ਦਾ ਮਾੜਾ ਪ੍ਰਦਰਸ਼ਨ, 11ਵੇਂ ਨੰਬਰ ’ਤੇ ਪੁੱਜਾ ਸੂਬਾ
Wednesday, Feb 22, 2023 - 06:19 PM (IST)

ਸੁਲਤਾਨਪੁਰ ਲੋਧੀ (ਧੀਰ) : 'ਖੇਡੋ ਇੰਡੀਆ' 'ਚ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਕਿਸੇ ਸਮੇਂ ਪਹਿਲੇ ਨੰਬਰ 'ਤੇ ਰਹਿਣ ਵਾਲਾ ਪੰਜਾਬ ਹੁਣ 11ਵੇਂ ਨੰਬਰ ’ਤੇ ਪੁੱਜ ਗਿਆ ਹੈ। ਇਸ ਵਾਰ ਗੱਤਕੇ ਨੇ ਪੰਜਾਬ ਦੀ ਲਾਜ ਰੱਖ ਲਈ ਹੈ, ਨਹੀਂ ਤਾਂ ਪਜਾਬ ਨੂੰ 13ਵਾਂ ਨੰਬਰ ਮਿਲਣਾ ਸੀ। ਸਾਰੀਆਂ ਖੇਡਾਂ ’ਚ ਸਿਰਫ਼ ਗੱਤਕਾ ਹੀ ਹੈ, ਜਿਸ ਵਿਚ ਪੰਜਾਬ ਨੇ 3 ਸੋਨ ਤਮਗੇ ਜਿੱਤੇ ਹਨ, ਜਦਕਿ ਬਾਕੀ 7 ਖੇਡਾਂ ’ਚ ਪੰਜਾਬ ਨੂੰ ਇਕ ਤੋਂ ਜ਼ਿਆਦਾ ਸੋਨ ਤਮਗਾ ਨਹੀਂ ਮਿਲਿਆ। ਇਸ ਦੇ ਨਾਲ ਹੀ ਪੰਜਾਬ ਖ਼ੁਦ ਦੀਆਂ ਰਵਾਇਤੀ ਖੇਡਾਂ ’ਚ ਫਾਡੀ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ
ਕਬੱਡੀ ਤੇ ਖੋ-ਖੋ ਪੰਜਾਬ ਦੀ ਰਵਾਇਤੀ ਖੇਡ ਹੋਣ ਦੇ ਬਾਵਜੂਦ ਇਸ ਵਿਚ ਪੰਜਾਬ ਦਾ ਪ੍ਰਦਰਸ਼ਨ ਕਾਫ਼ੀ ਜ਼ਿਆਦਾ ਮਾੜਾ ਰਿਹਾ ਹੈ। ਹਾਕੀ ਇੰਡੀਆ ’ਚ ਪੰਜਾਬ ਤੋਂ ਹੀ ਸਭ ਤੋਂ ਜ਼ਿਆਦਾ ਖਿਡਾਰੀ ਹਨ ਪਰ ਖੇਡੋ ਇੰਡੀਆ ’ਚ ਪੰਜਾਬ ਦੇ ਬੱਚਿਆਂ ਦੇ ਹੱਥ ਹਾਕੀ ’ਚ ਸੋਨ ਤਾ ਦੂਰ ਕਾਂਸੀ ਵੀ ਹੱਥ ਨਹੀਂ ਲੱਗਿਆ।
ਪੰਜਾਬ ਦੇ ਇਸ ਮਾੜੇ ਪ੍ਰਦਰਸ਼ਨ ਲਈ ਸੂਬੇ ਦੇ ਖੇਡ ਮੰਤਰੀ ਵੀ ਅਫ਼ਸੋਸ ਪ੍ਰਗਟ ਕਰਦੇ ਹੋਏ ਪਿਛਲੀਆਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਿਡਾਰੀ ਇਕ ਸਾਲ ’ਚ ਨਹੀਂ, ਸਗੋਂ 10 ਸਾਲ ਦੀ ਮਿਹਨਤ ਨਾਲ ਤਿਆਰ ਹੁੰਦੇ ਹਨ ਪਰ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਹੀ ਸੂਬੇ ਦਾ ਇਨਾ ਜ਼ਿਆਦਾ ਮਾੜਾ ਹਾਲ ਹੋਇਆ।
ਇਹ ਵੀ ਪੜ੍ਹੋ : ‘ਸਕੂਲਜ਼ ਆਫ ਐਮੀਨੈਂਸ’ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਖਿੱਚ ਲੈਣ ਤਿਆਰੀ, ਦਾਖ਼ਲੇ ਲਈ ਪੋਰਟਲ ਲਾਂਚ
ਜਾਣਕਾਰੀ ਅਨੁਸਾਰ 31 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਮੱਧ ਪ੍ਰਦੇਸ਼ ਵਿਖੇ ਖੇਡੋ ਇੰਡੀਆ ਦੇ ਤਹਿਤ 25 ਸੂਬਿਆਂ ਦੇ 5 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਨੇ ਭਾਗ ਲਿਆ ਸੀ, ਇਨ੍ਹਾਂ ਖੇਡਾਂ ’ਚ 18 ਸਾਲ ਤੋਂ ਘੱਟ ਉਮਰ ਦਾ ਹੀ ਵਿਦਿਆਰਥੀ ਭਾਗ ਲੈ ਸਕਦਾ ਹੈ ਤੇ ਇਨ੍ਹਾਂ ਖੇਡਾਂ ਰਾਹੀ ਹੀ ਪਤਾ ਲੱਗ ਜਾਦਾ ਹੈ ਕਿ ਕਿਹੜਾ ਸੂਬਾ ਭਵਿੱਖ ਲਈ ਆਪਣੇ ਬੱਚਿਆਂ ਨੂੰ ਤਿਆਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਨਿਜ਼ਾਤ, ਕੇਂਦਰ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਕਦੇ ਇਕ ਨੰਬਰ ’ਤੇ ਰਿਹਾ ਪੰਜਾਬ
ਸਾਲ 2021 ’ਚ ਪੰਜਾਬ ਇਨ੍ਹਾਂ ਖੇਡਾਂ ’ਚ ਪਹਿਲੇ ਨੰਬਰ ਤੱਕ ਰਿਹਾ ਹੈ ਪਰ ਇਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦਾ ਪ੍ਰਦਰਸ਼ਨ ਕਾਫ਼ੀ ਜ਼ਿਆਦਾ ਮਾੜਾ ਚਲਦਾ ਰਿਹਾ ਹੈ ਤੇ ਹੁਣ ਤਾਂ ਪੰਜਾਬ ਉਨ੍ਹਾਂ ਸੂਬਿਆਂ ਤੋਂ ਵੀ ਪੱਛੜਦਾ ਨਜ਼ਰ ਆ ਰਿਹਾ ਹੈ, ਜਿਹੜੇ ਸੂਬੇ ਖੇਡਾਂ ਦੇ ਮਾਮਲੇ ’ਚ ਹਮੇਸ਼ਾ ਹੀ ਪਿੱਛੇ ਰਹੇ ਹਨ ਤੇ ਜਿਨ੍ਹਾਂ ਸੂਬਿਆਂ ਕੋਲ ਖੇਡਾਂ ਲਈ ਕੋਈ ਜ਼ਿਆਦਾ ਸਾਜ਼ੋ-ਸਾਮਾਨ ਹੀ ਨਹੀਂ ਹੈ। ਪੰਜਾਬ ਨੂੰ ਖੇਡੋ ਇੰਡੀਆ 2023 ਵਿਚ 11ਵਾਂ ਸਥਾਨ ਮਿਲਿਆ ਹੈ, ਜਦੋਂ ਕਿ ਇੱਥੇ ਤੱਕ ਵੀ ਗੱਤਕੇ ਨੇ ਪੰਜਾਬ ਨੂੰ ਪਹੁੰਚਾਇਆ ਹੈ। ਸੂਬੇ ਦੇ ਹੱਥ ਕੁਲ 10 ਸੋਨ ਤਮਗੇ ਗੱਤਕੇ ਵਿਚੋਂ ਹੀ ਆਏ ਹਨ, ਜਦੋਂਕਿ ਕਬੱਡੀ, ਹਾਕੀ, ਖੋ-ਖੋ, ਬੋਕਸਿੰਗ, ਤੈਰਾਕੀ, ਨਿਸ਼ਾਨੇਬਾਜ਼ੀ ਵਿਚ ਸੂਬੇ ਨੂੰ ਇਕ ਵੀ ਤਗਮਾ ਨਹੀਂ ਮਿਲਿਆ।
ਖਿਡਾਰੀਆਂ ਨੂੰ ਤਿਆਰ ਕਰਨ ਲਈ ਚਾਹੀਦੇ 10 ਸਾਲ, ਸਾਡੀਆਂ ਨੀਤੀਆਂ ਨਾਲ ਮਿਲੇਗਾ ਫ਼ਾਇਦਾ : ਮੀਤ ਹੇਅਰ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖਿਡਾਰੀ ਰਾਤੋ-ਰਾਤ ਤਿਆਰ ਨਹੀਂ ਹੋ ਸਕਦੇ ਹਨ, ਇਸ ਲਈ ਘੱਟ ਤੋਂ ਘੱਟ 10 ਸਾਲ ਦਾ ਸਮਾਂ ਲੱਗ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਹੀ ਨਤੀਜਾ ਹੈ ਕਿ ਪੰਜਾਬ ਸਭ ਤੋਂ ਮਾੜੇ ਪ੍ਰਦਰਸ਼ਨ ਵਿਚੋਂ ਗੁਜ਼ਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਲੈ ਕੇ ਚੰਗੀ ਪਾਲਿਸੀ ਅਨੁਸਾਰ ਕੰਮ ਕਰ ਰਹੀ ਹੈ। ਅਗਲੇ ਆਉਣ ਵਾਲੇ ਕੁਝ ਸਾਲਾਂ ਬਾਅਦ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦੀ ਸਰਕਾਰ ਵਿਚ ਖਿਡਾਰੀਆਂ ਨੂੰ ਚੰਗੇ ਵਾਤਾਵਰਣ ਨਾਲ ਹੀ ਸਾਰਾ ਸਾਜ਼ੋ-ਸਾਮਾਨ ਮਿਲੇਗਾ ਤਾਂ ਕਿ ਉਹ ਅਗਲੇ ਕੁਝ ਸਾਲਾਂ ਵਿਚ ਖੇਡਾਂ ਲਈ ਤਿਆਰ ਹੋ ਸਕਣ।