ਖ਼ਾਲਸਾ ਕਾਲਜ ਦੇ ਪ੍ਰੋਫ਼ੈਸਰ ਡਾ.ਚਰਨਜੀਤ ਸਿੰਘ ਕੱਲ੍ਹ ਦੇਣਗੇ ਮਿਸ਼ੀਗਨ ਯੂਨੀਵਰਸਿਟੀ 'ਚ ਭਾਸ਼ਣ

10/23/2020 1:06:43 PM

ਜਲੰਧਰ: ਦੁਨੀਆਂ ਦੀਆਂ 25 ਨਾਮਵਰ ਯੂਨੀਵਰਸਿਟੀਆਂ ਵਿੱਚ ਸ਼ਾਮਲ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ 'ਚ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਡਾ. ਚਰਨਜੀਤ ਸਿੰਘ ਨੂੰ ਆਪਣੇ ਸਿਮਪੋਜ਼ਿਅਮ  ਵਿੱਚ  ਗੈਸਟ ਸਪੀਕਰ ਵਜੋਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।ਡਾ.ਚਰਨਜੀਤ ਨੂੰ  ਇਹ ਸੱਦਾ ਭਾਸ਼ਾ ਦੇ ਖੇਤਰ ਵਿੱਚ ਭਾਸ਼ਾ ਵਿਗਿਆਨੀ ਦੇ ਤੌਰ 'ਤੇ ਕੀਤੇ ਸ਼ਲਾਘਾਯੋਗ ਕੰਮ ਕਰਕੇ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਡਾ.ਚਰਨਜੀਤ ਸਿੰਘ ਨੇ ਆਪਣੇ ਪੀ.ਐੱਚ.ਡੀ. ਥੀਸਸ ਵਿੱਚ ਮਸ਼ਹੂਰ ਭਾਸ਼ਾ ਵਿਗਿਆਨੀ ਹੈਲੀਡੇ ਦੇ ਭਾਸ਼ਾ ਮਾਡਲ ਨੂੰ ਵਰਤ ਕੇ ਭਾਰਤੀ ਅਤੇ ਬਰਤਾਨਵੀਂ ਅੰਗਰੇਜ਼ੀ ਅਖ਼ਬਾਰਾਂ ਦੀ ਭਾਸ਼ਾ ਦਾ ਵਿਸ਼ਲੇਸ਼ਣ ਕੀਤਾ ਸੀ।

ਡਾ. ਚਰਨਜੀਤ ਵੱਲੋਂ ਅੰਗਰੇਜ਼ੀ ਜ਼ੁਬਾਨ ਅੰਦਰ Systematic functional linguistics ਅਤੇ ਪੱਤਰਕਾਰਤਾ ਦੀ ਭਾਸ਼ਾ ਉੱਤੇ ਕੀਤੇ ਕੰਮ ਮਿਸ਼ੀਗਨ ਯੂਨੀਵਰਸਿਟੀ ਦੇ ਇਸ ਵਰ੍ਹੇ ਦੇ ਥੀਮ ਨਾਲ ਮੇਲ ਖਾਂਦੇ ਹਨ। ਇਸੇ ਲਈ ਉਨ੍ਹਾਂ ਨੂੰ  "ਪ੍ਰਸ਼ਨ ਕਰਨ ਅਤੇ ਚੁਣੌਤੀ ਦੇਣ ਲਈ ''  Systematic functional linguistics ਦੀ ਵਰਤੋਂ ਕਰਨ ਉੱਤੇ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਹੈ।

 

PunjabKesari

 

ਗੌਰਤਲਬ ਹੈ ਕਿ ਡਾ. ਚਰਨਜੀਤ ਸਿੰਘ ਇਸ ਵਿਸ਼ੇ ਨੂੰ ਲੈ ਕੇ ਬਹੁਤ ਚਿੰਤਤ ਹਨ ਕਿ  16 ਸਾਲ ਤਕ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਨ ਤੋਂ ਬਾਅਦ ਵੀ ਸਾਡੇ ਵਿਦਿਆਰਥੀ ਇਸ ਨੂੰ ਬੋਲਣ ਅਤੇ ਲਿਖਣ ਦੀ ਮੁਹਾਰਤ ਕਿਉਂ ਨਹੀਂ ਸਿੱਖ ਪਾਉਂਦੇ।ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਸਾਲ 2011 ਵਿੱਚ ਇੱਕ ਰਾਸ਼ਟਰੀ ਸੈਮੀਨਾਰ ਵੀ ਕਰਾਇਆ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵਿੱਦਿਅਕ ਅਦਾਰਿਆਂ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਇੱਕ ਸਕਿਲ ਵਿਸ਼ੇ ਦੇ ਤੌਰ ਤੇ ਪੜ੍ਹਾਉਣ ਦੀ ਬਜਾਏ ਇਤਿਹਾਸ ਜਾਂ ਫ਼ਿਲਾਸਫ਼ੀ ਵਾਂਗ ਇੱਕ ਕੰਟੈਂਟ ਸਬਜੈਕਟ ਵਜੋਂ ਪੜ੍ਹਾਇਆ ਜਾਂਦਾ ਹੈ।

ਭਾਸ਼ਾ ਤੋਂ ਇਲਾਵਾ ਡਾ.ਚਰਨਜੀਤ ਸਿੰਘ ਸਾਹਿਤ ਲੇਖਣੀ ਵਿੱਚ ਵੀ ਖ਼ਾਸੀ ਰੁਚੀ ਰੱਖਦੇ ਹਨ।ਉਨ੍ਹਾਂ ਦੁਆਰਾ ਲਿਖਿਆ ਅੰਗਰੇਜ਼ੀ ਨਾਵਲ 'TWo Zero And a Hyphen'ਇੱਕ ਐਚ.ਆਈ.ਵੀ. ਪਾਜ਼ੀਟਿਵ ਸਕੂਲ ਅਧਿਆਪਕ ਦੀ ਕਹਾਣੀ ਬਿਆਨ ਕਰਦਾ ਹੈ। ਜਿਸ ਨੂੰ ਜ਼ਿੰਦਗੀ ਦੇ ਰੰਗਾਂ ਦਾ ਅਸਲ ਪਤਾ ਉਦੋਂ ਈ ਲੱਗਦਾ ਹੈ ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸਦੀ ਜ਼ਿੰਦਗੀ ਖ਼ਾਤਮੇ ਦੇ ਬਿਲਕੁਲ ਨਜ਼ਦੀਕ ਹੈ।ਇਸ ਤੋਂ ਇਲਾਵਾ ਉਨ੍ਹਾਂ ਦਾ ਪੰਜਾਬੀ ਨਾਟਕ 'ਜ਼ਿੰਦਗੀ ਮੌਤ ਦੀ' ਤਿੰਨ ਨੌਜਵਾਨਾਂ ਉੱਤੇ ਆਧਾਰਿਤ ਹੈ ਜਿਨ੍ਹਾਂ ਨੂੰ ਹਾਲਤਾਂ ਨੇ ਉਗਰਵਾਦੀ ਬਣਾ ਦਿੱਤਾ ਹੈ।  

 ਇਹ ਸਿਮਪੋਜ਼ਿਅਮ ਅਮਰੀਕੀ ਸਮੇਂ ਮੁਤਾਬਿਕ 24 ਅਕਤੂਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਡਾ.ਚਰਨਜੀਤ ਇਸ ਸਿਮਪੋਜ਼ਿਅਮ 'ਚ 11.25 ਮਿੰਟ 'ਤੇ ਆਪਣਾ ਭਾਸ਼ਣ ਦੇਣਗੇ।
 

PunjabKesari


Harnek Seechewal

Content Editor

Related News