ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ

12/27/2022 1:59:01 PM

ਜਲੰਧਰ (ਵਰੁਣ) : ਬਸਪਾ ਆਗੂ ਰਾਜਿੰਦਰ ਸਿੰਘ ਰੀਹਲ ਨੂੰ ਵਿਦੇਸ਼ੀ ਨੰਬਰ ਤੋਂ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਫਿਰੌਤੀ ਮੰਗੀ, ਜਦੋਂ ਕਿ ਉਨ੍ਹਾਂ ਡਰਦੇ ਮਾਰੇ 70 ਹਜ਼ਾਰ ਰੁਪਏ ਟਰਾਂਸਫਰ ਵੀ ਕਰ ਦਿੱਤੇ, ਜਿਸ ਤੋਂ ਬਾਅਦ ਜਾ ਕੇ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਿੰਦਰ ਰੀਹਲ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਇਕ ਵਿਦੇਸ਼ੀ ਨੰਬਰ ਤੋਂ ਲਗਾਤਾਰ ਫੋਨ ਆਏ ਪਰ ਦੇਰ ਰਾਤ ਦਾ ਸਮਾਂ ਹੋਣ ਕਾਰਨ ਉਹ ਫੋਨ ਨਹੀਂ ਚੁੱਕ ਸਕੇ। ਬਾਅਦ ਵਿਚ ਸਵੇਰੇ ਫੋਨ ਆਇਆ। ਜਦੋਂ ਉਨ੍ਹਾਂ ਫੋਨ ਚੁੱਕਿਆ ਤਾਂ ਗੱਲ ਕਰਨ ਵਾਲੇ ਵਿਅਕਤੀ ਨੇ ਪਹਿਲਾਂ ਤਾਂ ਇਹ ਕਿਹਾ ਕਿ ਉਹ ਉਸਦੇ ਬੱਚਿਆਂ ਦੇ ਸਕੂਲ ਬਾਰੇ ਜਾਣਦਾ ਹੈ। ਇਸ ਤੋਂ ਇਲਾਵਾ ਉਸਨੇ ਰਾਜਿੰਦਰ ਰੀਹਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਜੇਕਰ ਉਹ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਤਾਂ 8 ਲੱਖ ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ : ਕਈ ਸੂਬਿਆਂ ਦੇ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ, ਗਿਰੋਹ ਖ਼ਿਲਾਫ਼ 5000 ਸ਼ਿਕਾਇਤਾਂ

ਰੀਹਲ ਨੇ ਕਿਹਾ ਕਿ ਉਹ ਕਾਫ਼ੀ ਡਰ ਗਏ ਸਨ। ਧਮਕਾਉਣ ਵਾਲੇ ਨੇ ਉਨ੍ਹਾਂ ਨੂੰ ਇਕ ਬੈਂਕ ਅਕਾਊਂਟ ਦਾ ਨੰਬਰ ਦਿੱਤਾ, ਜਿਸ ਵਿਚ ਉਨ੍ਹਾਂ 70 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਦੋਸ਼ ਹੈ ਕਿ ਧਮਕਾਉਣ ਵਾਲਾ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ। ਇਸਦੀ ਜਾਣਕਾਰੀ ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਰਾਜਿੰਦਰ ਦੇ ਬਿਆਨਾਂ ’ਤੇ ਥਾਣਾ ਨਵੀਂ ਬਾਰਾਦਰੀ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਰੀਹਲ ਨੇ ਜਿਸ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਸਨ, ਉਹ ਰੂਪਾ ਦੇਵੀ ਨਿਵਾਸੀ ਬਿਹਾਰ ਦੇ ਨਾਂ ’ਤੇ ਸੀ। ਪੁਲਸ ਨੇ ਰੂਪਾ ਦੇਵੀ ਅਤੇ ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਬੁੱਢੇ ਨਾਲੇ ਦੇ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਸਖ਼ਤ, ਭੇਜੇ ਨੋਟਿਸ


Harnek Seechewal

Content Editor

Related News