ਪੰਜਾਬ ’ਚ ਮੁਰਝਾਏ ‘ਕਮਲ’ ਨੂੰ ਜ਼ਿੰਦਾ ਕਰਨ ਲਈ ਭਾਜਪਾ ਲਵੇਗੀ ਮੋਦੀ ਦਾ ਇਹ ਗੁਰੂ ਮੰਤਰ
Tuesday, Sep 20, 2022 - 02:07 PM (IST)
ਜਲੰਧਰ (ਅਨਿਲ ਪਾਹਵਾ) : 2014 ’ਚ ਦੇਸ਼ ਭਰ ਵਿਚ ਭਾਜਪਾ ਦੀ ਲਹਿਰ ਸੀ ਪਰ ਪੰਜਾਬ ’ਚ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਵੇਖਣ ਨੂੰ ਮਿਲਿਆ ਅਤੇ ਪੰਜਾਬ ਵਾਸੀਆਂ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ। ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਕਾਰਨ ਭਾਜਪਾ ਨੂੰ ਹੁਣ ਪੰਜਾਬ ਦੀ ਅਹਿਮੀਅਤ ਸਮਝ ਆਉਣ ਲੱਗੀ ਹੈ, ਜਿਸਦੇ ਲਈ ਪਾਰਟੀ ਨੇ ਪੰਜਾਬ ’ਚ ਭਾਜਪਾ ਦਾ ਕਮਲ ਮੁੜ ਜ਼ਿੰਦਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ :ਪੰਜਾਬ ’ਚ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਸ਼ੁਰੂ, ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ
ਸਿਆਸੀ, ਕੂਟਨੀਤਕ ਤੇ ਰਣਨੀਤਕ, ਇਨ੍ਹਾਂ ਤਿੰਨਾਂ ਨਜ਼ਰੀਏ ਤੋਂ ਪੰਜਾਬ ਦੀ ਸਥਿਤੀ ਵੱਖਰੀ ਹੈ। ਇੰਨੇ ਅਹਿਮ ਸੂਬੇ ’ਚ ਭਾਜਪਾ ਦਾ ਮੁਰਝਾਇਆ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਪੰਜਾਬ ’ਚ ਭਾਜਪਾ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਵਿਜੇ ਰੁਪਾਨੀ ’ਤੇ ਮੋਹਰ
ਪੰਜਾਬ ’ਚ ਵਿਜੇ ਰੁਪਾਨੀ ਨੂੰ ਸੂਬਾ ਇੰਚਾਰਜ ਵਜੋਂ ਤਾਇਨਾਤ ਕਰਨ ਪਿੱਛੇ ਇਕ ਵੱਡਾ ਕਾਰਨ ਹੈ ਪੰਜਾਬ ’ਚ ਭਾਜਪਾ ਦੇ ਦਰਕਿਨਾਰ ਹੋਏ ਵਰਕਰ ਨੂੰ ਵਾਪਸ ਪਾਰਟੀ ਨਾਲ ਜੋੜਨਾ। ਰੁਪਾਨੀ ਦੀ ਤਾਇਨਾਤੀ ਦੇ ਪਿੱਛੇ ਵੱਡਾ ਕਾਰਨ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਮਨ ਦੀ ਗੱਲ ਸਮਝਦੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਉਨ੍ਹਾਂ ਕੋਲ ਚੰਗਾ ਤਜਰਬਾ ਹੈ। ਰੁਪਾਨੀ ਪੰਜਾਬ ’ਚ ਮੋਦੀ ਦੇ ਗੁਰੂ ਮੰਤਰ ਨੂੰ ਲਾਗੂ ਕਰਨ ਜਾ ਰਹੇ ਹਨ ਤਾਂ ਜੋ ਇਥੋਂ ਦੇ ਯੁਵਾ ਪਾਰਟੀ ਵਰਕਰ ਨੂੰ ਸਰਗਰਮ ਕੀਤਾ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਸਮਾਰਟ ਸਿਟੀ ਜਲੰਧਰ ਦੇ ਸਾਰੇ ਪ੍ਰਾਜੈਕਟ ਠੱਪ, ਖਫ਼ਾ ਹੋਈ ਕੇਂਦਰ ਤੇ ਸੂਬਾ ਸਰਕਾਰ ਨੇ ਸੱਦੀ ਹੰਗਾਮੀ ਮੀਟਿੰਗ
ਅਕਾਲੀ ਦਲ ਤੋਂ ਦੂਰੀ
ਪੰਜਾਬ ’ਚ ਹੁਣ ਭਾਜਪਾ ਅਕਾਲੀ ਦਲ ਤੋਂ ਦੂਰੀ ਬਣਾਉਣ ’ਚ ਹੀ ਆਪਣੀ ਭਲਾਈ ਸਮਝ ਰਹੀ ਹੈ। ਕਾਰਨ ਹੈ ਕਿ ਪੰਜਾਬ ’ਚ ਭਾਜਪਾ ਨੂੰ ਅਕਾਲੀ ਦਲ ਨਾਲ ਹੋਣ ਦਾ ਫ਼ਾਇਦਾ ਘੱਟ ਹੀ ਹੋਇਆ ਹੈ, ਜਦੋਂਕਿ ਅਕਾਲੀ ਦਲ ਨੂੰ ਹਿੰਦੂ ਵੋਟ ਹਾਸਲ ਕਰਨ ’ਚ ਭਾਜਪਾ ਦੇ ਸਾਥ ਦਾ ਫ਼ਾਇਦਾ ਮਿਲਿਆ। ਪੰਜਾਬ ’ਚ ਭਾਜਪਾ ਕੋਲ ਹਮੇਸ਼ਾ ਘੱਟ ਸੀਟਾਂ ਰਹੀਆਂ ਅਤੇ ਭਾਜਪਾ ਦੇ ਵੋਟ ਫ਼ੀਸਦੀ ’ਚ ਗੜਬੜ ਪੈਦਾ ਹੁੰਦੀ ਰਹੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਜਦੋਂ ਭਾਜਪਾ ਅਕਾਲੀ ਦਲ ਦੇ ਨਾਲ ਸੀ ਤਾਂ ਭਾਜਪਾ ਦਾ ਵੋਟ ਫ਼ੀਸਦੀ 9.63 ਸੀ, ਜਦੋਂਕਿ ਅਕਾਲੀ ਦਲ ਦਾ 27.76 ਸੀ ਪਰ ਪੰਜਾਬ ’ਚ ਅਕਾਲੀ ਦਲ ਨਾਲੋਂ ਵੱਖ ਹੋਣ ’ਤੇ ਭਾਜਪਾ ਦੀ ਹਾਲਤ ਕੁਝ ਬਿਹਤਰ ਹੋਈ ਹੈ। ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦਾ ਵੋਟ ਫ਼ੀਸਦੀ 6.6 ਫੀਸਦੀ ਰਿਹਾ, ਜਦੋਂਕਿ ਪਾਰਟੀ ਨੇ ਸਿਰਫ਼ 2 ਸੀਟਾਂ ਜਿੱਤੀਆਂ। ਅਕਾਲੀ ਦਲ ਦਾ ਵੋਟ ਬੈਂਕ 18 ਫ਼ੀਸਦੀ ਦੇ ਲਗਭਗ ਰਹਿ ਗਿਆ ਅਤੇ ਪਾਰਟੀ ਸਿਰਫ਼ 3 ਸੀਟਾਂ ਜਿੱਤ ਸਕੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਪਰਾਲੀ ਨਾ ਸਾੜਨ ਨੂੰ ਲੈ ਕੇ ਸ਼ੁਰੂ ਕਰੇਗੀ ‘ਮੈਗਾ’ ਜਾਗਰੂਕਤਾ ਮੁਹਿੰਮ
ਸਿੱਖ ਚਿਹਰੇ ਦੀ ਭਾਲ
ਪੰਜਾਬ ’ਚ ਭਾਜਪਾ ਨੂੰ ਕਾਫ਼ੀ ਦੇਰ ਤੋਂ ਸਿੱਖ ਚਿਹਰੇ ਦੀ ਭਾਲ ਹੈ। ਕਾਫ਼ੀ ਖੋਜ-ਖ਼ਬਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮਿਲੇ ਸਨ ਪਰ ਉਹ ਵੀ ਕਿਨਾਰਾ ਕਰ ਗਏ। ਹੁਣ ਪਾਰਟੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਈ ਸਿੱਖ ਚਿਹਰਿਆਂ ਨੂੰ ਵੇਖ ਰਹੀ ਹੈ ਪਰ ਅਜੇ ਤਕ ਉਸ ਨੂੰ ਆਪਣੀ ਪਸੰਦ ਦਾ ਚਿਹਰਾ ਨਹੀਂ ਮਿਲਿਆ, ਜਦੋਂਕਿ ਪਾਰਟੀ ਅੰਦਰ ਜਿਹੜੇ ਪਹਿਲਾਂ ਤੋਂ ਸਿੱਖ ਚਿਹਰੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਦਰਕਿਨਾਰ ਕੀਤਾ ਹੋਇਆ ਹੈ।
ਮੋਦੀ ਦਾ ਮੰਤਰ ਹੋਵੇਗਾ ਲਾਗੂ
ਹੁਣੇ ਜਿਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ’ਚ ਇਕ ਮੰਤਰ ਦਿੱਤਾ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਗ ’ਚ ਚੱਕਰ, ਜੀਭ ’ਤੇ ਸ਼ੱਕਰ ਅਤੇ ਸਿਰ ’ਤੇ ਬਰਫ ਲੈ ਕੇ ਚੱਲੋ। ਉਨ੍ਹਾਂ ਦਾ ਭਾਵ ਸੀ ਕਿ ਪੈਰਾਂ ’ਚ ਚੱਕਰ ਮਤਲਬ ਸਰਗਰਮ ਰਹੋ, ਜੀਭ ’ਤੇ ਸ਼ੱਕਰ ਮਤਲਬ ਮਿੱਠਾ ਬੋਲੋ ਅਤੇ ਸਿਰ ’ਤੇ ਬਰਫ ਮਤਲਬ ਠੰਡੇ ਦਿਮਾਗ ਨਾਲ ਲੋਕਾਂ ਵਿਚਕਾਰ ਜਾਓ। ਉਨ੍ਹਾਂ ਦੇ ਇਸ ਗੁਰੂ ਮੰਤਰ ਨੂੰ ਪੰਜਾਬ ’ਚ ਲਾਗੂ ਕਰਵਾਉਣ ਲਈ ਕੰਮ ਚੱਲ ਰਿਹਾ ਹੈ।
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ