ਇਟਲੀ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 24 ਨੂੰ

Friday, Sep 08, 2023 - 02:18 AM (IST)

ਇਟਲੀ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 24 ਨੂੰ

ਰੋਮ (ਕੈਂਥ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1604 ਵਿੱਚ ਭਾਈ ਗੁਰਦਾਸ ਜੀ ਪਾਸੋਂ ਸੰਪੂਰਨ ਕਰਵਾਈ। 7000 ਸ਼ਬਦਾਂ ਦੁਆਰਾ 1430 ਅੰਗਾਂ 'ਤੇ ਸੁਸ਼ੋਭਿਤ 35 ਮਹਾਪੁਰਸ਼ਾਂ ਦੀ ਇਲਾਹੀ ਬਾਣੀ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੀ ਉਸਤਤਿ ਕਰਨ ਦੇ ਨਾਲ ਹੱਕ ਤੇ ਸੱਚ ਦੀ ਕਿਰਤ-ਕਮਾਈ ਕਰਨ ਦਾ ਹੋਕਾ ਦਿੰਦੀ ਹੈ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦੁਨੀਆ ਭਰ ਵਿੱਚ ਰਹਿ ਰਹੀ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ, ਸਤਿਕਾਰ ਤੇ ਭਗਤੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਵਿਸ਼ਾਲ ਧਾਰਮਿਕ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ। ਇਟਲੀ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲਾਸੀਓ ਸੂਬੇ ਦੇ ਪਹਾੜੀ ਇਲਾਕੇ ਵਿੱਚ ਵਸੇ ਸ਼ਹਿਰ ਫੌਂਦੀ (ਲਾਤੀਨਾ) ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵੱਲੋਂ ਸਜਾਇਆ ਗਿਆ।

ਇਹ ਵੀ ਪੜ੍ਹੋ : ਇਟਲੀ ’ਚ ਦਰਿਆ ਕੰਢੇ ‘ਪੋਥੀ ਸਾਹਿਬ’ ਦਾ ਪ੍ਰਕਾਸ਼ ਕਰਕੇ ਕਰ ਦਿੱਤਾ ਗਿਆ ਅਨੰਦ ਕਾਰਜ

ਗੁਰਦੁਆਰਾ ਸਾਹਿਬ ਵੱਲੋਂ ਇਹ 13ਵਾਂ ਵਿਸ਼ਾਲ ਨਗਰ ਕੀਰਤਨ ਹੈ, ਜਿਹੜਾ ਕਿ 24 ਸਤੰਬਰ ਦਿਨ ਐਤਵਾਰ ਨੂੰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਤੇ ਕਥਾਵਾਚਕ ਦਰਬਾਰ ਵਿੱਚ ਭਰਵੀਂ ਹਾਜ਼ਰੀ ਲਗਵਾਉਣਗੇ। ਇਸ ਪਾਵਨ ਤੇ ਪਵਿੱਤਰ ਦਿਵਸ ਮੌਕੇ ਪੰਜਾਬ (ਭਾਰਤ) ਦੀ ਧਰਤੀ ਤੋਂ ਉਚੇਚੇ ਤੌਰ 'ਤੇ ਸੰਤ ਬਾਬਾ ਸੁਖਦੇਵ ਸਿੰਘ ਹੰਸਲੀ ਸਾਹਿਬ ਵਾਲੇ, ਭਾਈ ਗੁਰਬਖ਼ਸ਼ ਸਿੰਘ ਹਜ਼ੂਰੀ ਰਾਗੀ ਤੇ ਢਾਡੀ ਜਥਾ ਗਿਆਨੀ ਸੁਖਨਿਰੰਜਨ ਸਿੰਘ ਸੁਮੰਨ ਆਦਿ ਸਤਿਗੁਰਾਂ ਦੀ ਮਹਿਮਾਨ ਦਾ ਗੁਣਗਾਨ ਕਰਨਗੇ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਭਾਈ ਕੁਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਫੌਂਦੀ (ਲਾਤੀਨਾ) ਨੇ ਦਿੰਦਿਆਂ ਕਿਹਾ ਕਿ ਇਸ ਸਮਾਗਮ ਮੌਕੇ 21 ਸਤੰਬਰ ਨੂੰ ਸ਼ਾਮ 4 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਤੇ ਭੋਗ 23 ਸਤੰਬਰ ਦਿਨ ਸ਼ਨੀਵਾਰ ਸ਼ਾਮ 4 ਵਜੇ ਪਾਏ ਜਾਣਗੇ। ਇਲਾਕੇ ਦੀ ਸਮੁੱਚੀ ਸਿੱਖ ਸੰਗਤ ਨੂੰ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News