ਸੁਪਰੀਮ ਲੀਡਰ ਬਣਨ ਦੀ ਭੁੱਖ : ਸ਼ੀ ਜਿਨਪਿੰਗ ਨੇ ਸਿਸਟਮ ਤੋਂ ਲੈ ਕੇ ਸੰਵਿਧਾਨ ਤਕ ਨੂੰ ਬਦਲ ਦਿੱਤਾ
Monday, Oct 17, 2022 - 03:46 PM (IST)
ਬੀਜਿੰਗ (ਬਿਊਰੋ)– ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੀ ਰਾਜਨੀਤੀ ਦੇ ਅਜਿਹੇ ਸ਼ਖ਼ਸ ਹਨ, ਜਿਨ੍ਹਾਂ ਦੇ ਹੱਥ ’ਚ ਪਿਛਲੇ 10 ਸਾਲਾਂ ਤੋਂ ਰਾਜਨੀਤਕ ਤੇ ਫੌਜੀ ਸੱਤਾ ਰਹੀ ਹੈ। ਸ਼ੀ ਜਿਨਪਿੰਗ 2012 ਤੋਂ ਚਾਇਨੀਜ਼ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹਨ। 2012 ਤੋਂ ਹੀ ਉਹ ਚੀਨ ਦੀ ਸ਼ਕਤੀਸ਼ਾਲੀ ਸੈਂਟਰਲ ਮਿਲਿਟਰੀ ਕਮਿਸ਼ਨ ਦੇ ਚੇਅਰਮੈਨ ਹਨ, ਯਾਨੀ ਕਿ ਚੀਨ ਦੀ ਫੌਜ ਦੀ ਸਾਰੀ ਕਮਾਂਡ ਉਨ੍ਹਾਂ ਦੇ ਹੱਥ ’ਚ ਹੈ ਤੇ 2013 ਤੋਂ ਉਹ ਚੀਨ ਦੇ ਰਾਸ਼ਟਰਪਤੀ ਹਨ।
ਹੁਣ ਚੀਨ ਦੇ ਬੀਜਿੰਗ ਸ਼ਹਿਰ ’ਚ ਇਕ ਵਾਰ ਮੁੜ ਉਨ੍ਹਾਂ ਦੀ ਤਾਜਪੋਸ਼ੀ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਸ਼ੀ ਜਿਨਪਿੰਗ ਚੀਨ ’ਚ ਚੱਲੀ ਆ ਰਹੀ 30 ਸਾਲ ਪੁਰਾਣੀ ਉਸ ਪ੍ਰੰਪਰਾ ਨੂੰ ਤੋੜਨ ਜਾ ਰਹੇ ਹਨ, ਜਿਥੇ ਪਹਿਲਾਂ ਇਹ ਨਿਯਮ ਸੀ ਕਿ ਦੇਸ਼ ਦਾ ਸੁਪਰੀਮ ਲੀਡਰ 10 ਸਾਲਾਂ ਬਾਅਦ ਆਪਣੇ ਅਹੁਦੇ ਨੂੰ ਛੱਡ ਦੇਵੇਗਾ। ਦੁਨੀਆ ’ਚ ਦੂਜੇ ਕੌਮੀ ਪ੍ਰਧਾਨ ਵੀ ਸੱਤਾ ’ਚ ਬਣੇ ਰਹਿਣ ਲਈ ਇਸ ਨੀਤੀ ਨੂੰ ਬਦਲ ਚੁੱਕੇ ਹਨ। ਇਸ ਦੇ ਸਭ ਤੋਂ ਵੱਡੇ ਉਦਾਹਰਣ ਹਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ।
ਇਹ ਖ਼ਬਰ ਵੀ ਪੜ੍ਹੋ : ਹੜ੍ਹ ਕਾਰਨ 'ਕਬਰਸਤਾਨ' ਬਣੀਆਂ ਪਾਕਿਸਤਾਨ ਦੀਆਂ ਸੜਕਾਂ ਤੇ ਪਹਾੜੀਆਂ
ਦੋ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ 2008 ’ਚ ਪੁਤਿਨ ਨੂੰ ਆਪਣਾ ਅਹੁਦਾ ਛੱਡਣਾ ਪਿਆ ਕਿਉਂਕਿ ਇਹ ਸੰਵਿਧਾਨਕ ਮਜਬੂਰੀ ਸੀ ਪਰ ਪੁਤਿਨ ਨੇ ਰੂਸੀ ਸੰਵਿਧਾਨ ’ਚ ਸੋਧ ਕੀਤੀ ਤੇ 2012 ’ਚ ਤੀਜੀ ਵਾਰ ਰਾਸ਼ਟਰਪਤੀ ਬਣ ਗਏ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤੀਜੀ ਵਾਰ ਬਤੌਰ ਰਾਸ਼ਟਰਪਤੀ ਦੇ ਰੂਪ ’ਚ ਵਾਪਸੀ ਲਈ ਵੱਡੀ ਤਿਆਰੀ ਕੀਤੀ ਹੈ। ਇਸ ਲਈ ਬੀਜਿੰਗ ਦੇ ‘ਦਿ ਗ੍ਰੇਟ ਹਾਲ’ ’ਚ ਵੱਡੀ ਸਟੇਜ ਸਜਾਈ ਗਈ ਹੈ। ਇਥੇ ਕਮਿਊਨਿਸਟ ਪਾਰਟੀ ਆਫ ਚਾਈਨਾ ਦਾ 20ਵਾਂ ਸੰਮੇਲਨ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ’ਚ 2296 ਚੁਣੇ ਨੁਮਾਇੰਦੇ ਸ਼ੀ ਜਿਨਪਿੰਗ ਵਲੋਂ ਤੈਅ ਕੀਤੇ ਗਏ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਕ ਬੰਦ ਕਮਰੇ ਦੀ ਮੀਟਿੰਗ ’ਚ ਸ਼ਾਮਲ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।