ਇਪਸਾ ਵੱਲੋਂ ਲੇਖਕ ਡਾ. ਕੁਲਬੀਰ ਸਿੰਘ ਸੂਰੀ ਅਤੇ ਸਮਾਜ ਸੇਵਕ ਜੋਗਾ ਬਮਰਾਹ ਦਾ ਸਨਮਾਨ

02/20/2023 6:19:44 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਫ਼ਰਵਰੀ ਮਹੀਨੇ ਦਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਇੰਡੀਆ ਤੋਂ ਆਏ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਅਤੇ ਪ੍ਰਸਿੱਧ ਬਾਲ ਸਾਹਿਤਕਾਰ ਡਾ ਕੁਲਬੀਰ ਸਿੰਘ ਸੂਰੀ, ਉਹਨਾਂ ਦੀ ਧਰਮ ਪਤਨੀ ਪ੍ਰੋ. ਗੁਰਿੰਦਰ ਕੌਰ ਸੂਰੀ ਅਤੇ ਡੁਬਈ ਤੋਂ ਆਏ ਸਮਾਜ ਸੇਵਕ  ਜੋਗਾ ਸਿੰਘ ਬਮਰਾਹ ਦਾ ਸਨਮਾਨ ਕੀਤਾ ਗਿਆ। ਸਰਬਜੀਤ ਸੋਹੀ ਨੇ ਸਵਾਗਤੀ ਸ਼ਬਦ ਬੋਲਦਿਆਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਨਕ ਸਿੰਘ ਜੀ ਵੱਲੋਂ ਪ੍ਰੀਤ ਨਗਰ ਦੀ ਸਥਾਪਨਾ, ਮਨੋਰਥ ਅਤੇ ਪ੍ਰੀਤ ਫਲਸਫ਼ੇ ਬਾਰੇ ਦੱਸਿਆ ਗਿਆ। ਸਮਾਗਮ ਦੇ ਪਹਿਲੇ ਭਾਗ ਵਿਚ ਕਵੀ ਦਰਬਾਰ ਵਿਚ ਸੈਮੀ ਸਿੱਧੂ, ਪੁਸ਼ਪਿੰਦਰ ਤੂਰ, ਡਾ. ਲਛਮਣ ਸਿੰਘ ਸਿੱਧੂ, ਰੁਪਿੰਦਰ ਸੋਜ਼, ਦਲਵੀਰ ਹਲਵਾਰਵੀ ਅਤੇ ਮੀਤ ਧਾਲੀਵਾਲ ਆਦਿ ਵੱਲੋਂ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪੁਵਾਈ ਗਈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਲੋਕਾਂ ਲਈ ਪੰਜਵਾਂ ਕੋਵਿਡ-19 ਬੂਸਟਰ ਟੀਕਾ ਅੱਜ ਤੋਂ ਉਪਲਬਧ

ਸਮਾਗਮ ਦੇ ਦੂਸਰੇ ਭਾਗ ਵਿਚ ਡਾ. ਕੁਲਬੀਰ ਸਿੰਘ ਸੂਰੀ ਨੇ ਪ੍ਰੀਤਨਗਰ ਦੀ ਸਥਾਪਨਾ ਤੋਂ ਲੈ ਕੇ ਇਸ ਦੇ ਹਰ ਪਹਿਲੂ ਬਾਰੇ ਵਿਸਤਾਰ ਪੂਰਵਕ ਰੌਸ਼ਨੀ ਪਾਈ। ਉਹਨਾਂ ਨੇ ਉੱਥੇ ਆਉਣ ਵਾਲੀਆਂ ਸ਼ਖ਼ਸੀਅਤਾਂ ਨਾਲ ਜੁੜੀਆਂ ਬਹੁਤ ਰੌਚਿਕ ਗੱਲਾਂ ਸੁਣਾਈਆਂ। ਕੁਲਬੀਰ ਸਿੰਘ ਸੂਰੀ ਨੇ ਪ੍ਰੀਤ ਸੈਨਿਕਾਂ, ਪਹਿਲੇ ਪਰਿਵਾਰਾਂ ਅਤੇ ਨਾਨਕ ਸਿੰਘ ਦੀ ਸਿਰਜਣਾ ਆਦਿ ਬਾਰੇ ਬਹੁਤ ਅਹਿਮ ਨੁਕਤਿਆਂ ਨੂੰ ਪੇਸ਼ ਕੀਤਾ। ਅੰਤ ਵਿਚ ਡਾ. ਸੂਰੀ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬੀ ਸਾਹਿਤ ਹੀ ਨਹੀਂ ਭਾਰਤੀ ਡਾਇਸਪੋਰਾ ਲਈ ਵੀ ਵੱਡੇ ਅਰਥਾਂ ਵਾਲੀ ਪਹਿਲਕਦਮੀ ਆਖਿਆ। ਇਪਸਾ ਵੱਲੋਂ ਦੋਵਾਂ ਮਾਣਯੋਗ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਅਜਾਇਬ ਸਿੰਘ ਵਿਰਕ, ਗੁਰਜੀਤ ਉੱਪਲ਼, ਬਿਕਰਮਜੀਤ ਸਿੰਘ ਚੰਦੀ ਹਾਜ਼ਰ ਸਨ। ਸਟੇਜ ਦੀ ਭੂਮਿਕਾ ਸਰਬਜੀਤ ਸੋਹੀ ਅਤੇ ਰੁਪਿੰਦਰ ਸੋਜ਼ ਵੱਲੋਂ ਸਾਂਝੇ ਰੂਪ ਵਿਚ ਨਿਭਾਈ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News