ਚੀਨ ਦੇ ਹੱਥਾਂ ਦੀ ਕਠਪੁਤਲੀ ਹੈ ਵਿਸ਼ਵ ਸਿਹਤ ਸੰਗਠਨ : ਟਰੰਪ

04/30/2020 1:15:12 PM

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਦੱਸਿਆ ਅਤੇ ਕਿਹਾ ਕਿ ਅਮਰੀਕਾ ਪਹਿਲਾਂ WHO ਬਾਰੇ ਸਿਫਾਰਸ਼ਾਂ ਲੈ ਕੇ ਆਵੇਗਾ ਤੇ ਉਸ ਦੇ ਬਾਅਦ ਚੀਨ ਲਈ ਵੀ ਅਜਿਹੇ ਹੀ ਕਦਮ ਚੁੱਕੇਗਾ। ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਗੱਲ ਕਰਦਿਆਂ ਵਿਸ਼ਵ ਸਿਹਤ ਸੰਗਠਨ 'ਤੇ ਤੰਜ ਕੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਗੁਮਰਾਹ ਕੀਤਾ। 

ਟਰੰਪ ਨੇ ਵ੍ਹਾਈਟ ਹਾਊਸ ਵਿਚ ਆਪਣੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਜਲਦੀ ਹੀ ਇਕ ਸਿਫਾਰਸ਼ ਲੈ ਕੇ ਆਵਾਂਗੇ, ਪਰ ਅਸੀਂ ਵਿਸ਼ਵ ਸਿਹਤ ਸੰਗਠਨ ਤੋਂ ਖੁਸ਼ ਨਹੀਂ ਹਾਂ।” ਟਰੰਪ ਨੇ ਕੋਰੋਨਾ ਵਾਇਰਸ ਫੈਲਾਉਣ ਵਿਚ ਸੰਗਠਨ ਦੀ ਭੂਮਿਕਾ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਮਹਾਂਮਾਰੀ ਦੌਰਾਨ ਸੰਗਠਨ 'ਤੇ ਚੀਨ ਦਾ ਪੱਖ ਲੈਣ ਦਾ ਦੋਸ਼ ਲਾਇਆ ਹੈ। ਜਾਂਚ ਨੂੰ ਵਿਚਾਰ ਅਧੀਨ ਰੱਖਦਿਆਂ ਰਾਸ਼ਟਰਪਤੀ ਨੇ ਡਬਲਊ. ਐੱਚ. ਓ. ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵੀ ਰੋਕ ਦਿੱਤੀ ਹੈ। ਇਹ ਜਾਂਚ ਚੀਨ ਦੀ ਭੂਮਿਕਾ ਨੂੰ ਦੇਖੇਗੀ ਅਤੇ ਇਹ ਵੀ ਪਤਾ ਲਗਾਵੇਗੀ ਕਿ ਕਿਸ ਤਰ੍ਹਾਂ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਫੈਲਿਆ। ਟਰੰਪ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਖੁਫੀਆ ਏਜੰਸੀਆਂ ਤੋਂ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਬਾਰੇ ਕੀ ਜਾਣਨ ਦੀ ਉਮੀਦ ਕਰ ਰਹੇ ਹੋ ਤੇ ਜਾਂਚ ਕਰਵਾ ਰਹੇ ਹੋ। ਇਸ 'ਤੇ ਟਰੰਪ ਨੇ ਕਿਹਾ, "ਅਸੀਂ ਇਸ ਤੋਂ ਖੁਸ਼ ਨਹੀਂ ਹਾਂ ਅਤੇ ਅਸੀਂ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਵੱਧ ਯੋਗਦਾਨ ਦਿੰਦੇ ਹਾਂ ਅਤੇ ਉਨ੍ਹਾਂ ਨੇ ਸਾਨੂੰ ਗੁਮਰਾਹ ਕੀਤਾ। ਮੈਨੂੰ ਨਹੀਂ ਪਤਾ। ਉਹ ਜੋ ਜਾਣਦੇ ਸਨ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਸੀ।"

ਰਾਸ਼ਟਰਪਤੀ ਨੇ ਅੱਗੇ ਕਿਹਾ,"ਅਸੀਂ ਉਹ ਚੀਜ਼ਾਂ ਜਾਣਦੇ ਹਾਂ ਜੋ ਉਹ ਨਹੀਂ ਜਾਣਦੇ ਸੀ ਅਤੇ ਜਾਂ ਉਹ ਇਸ ਨੂੰ ਨਹੀਂ ਜਾਣਦੇ ਸੀ, ਜਾਂ ਉਨ੍ਹਾਂ ਨੇ ਸਾਨੂੰ ਨਹੀਂ ਦੱਸਿਆ, ਜਾਂ ਹੁਣ ਤੁਸੀਂ ਜਾਣਦੇ ਹੋ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਹੱਥਾਂ ਦੀ ਕਠਪੁਤਲੀ ਹੈ। ਇਸ ਨੂੰ ਦੇਖਣ ਦਾ ਮੇਰਾ ਇਹ ਨਜ਼ਰੀਆ ਹੈ।" ਟਰੰਪ ਨੇ ਕਿਹਾ ਕਿ ਅਮਰੀਕਾ ਸੰਗਠਨ ਨੂੰ ਔਸਤਨ 40-50 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੰਦਾ ਹੈ ਅਤੇ ਚੀਨ 3.8 ਕਰੋੜ ਅਮਰੀਕੀ ਡਾਲਰ ਦਿੰਦਾ ਹੈ। ਫਿਰ ਵੀ ਲੱਗਦਾ ਹੈ ਕਿ ਸੰਗਠਨ ਚੀਨ ਲਈ ਹੀ ਕੰਮ ਕਰਦਾ ਹੈ। 


Sanjeev

Content Editor

Related News