''ਜੰਗਲ ''ਚ ਮਚੇ ਅੱਗ ਦੇ ਭਾਂਬੜ, ਬੀ. ਸੀ. ''ਚ ਲੋਕਾਂ ਲਈ ਅਲਰਟ ਜਾਰੀ

08/24/2020 5:24:25 PM

ਬੀ. ਸੀ.— ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ 300 ਤੋਂ ਵੱਧ ਘਰਾਂ ਨੂੰ ਚਿਤਾਵਨੀ 'ਤੇ ਰੱਖਿਆ ਗਿਆ ਹੈ ਕਿਉਂਕਿ ਹਵਾਵਾਂ ਦੇ ਰੁਖ਼ ਕਾਰਨ ਟੈਲਬੋਲ ਕ੍ਰੀਕ ਕੋਲ ਅੱਗ ਫੈਲਣ ਦਾ ਜੋਖਮ ਵੱਧ ਰਿਹਾ ਹੈ।

ਬੀ. ਸੀ.ਵਾਈਲਡਫਾਇਰ ਸਰਵਿਸ ਅਨੁਸਾਰ ਅੱਗ ਸਲੋਕਨ ਘਾਟੀ 'ਚ ਹੈ, ਜੋ ਹਾਈਵੇ 6 ਤੋਂ ਲਗਭਗ 3.5 ਕਿਲੋਮੀਟਰ ਉੱਤਰ-ਪੱਛਮ 'ਚ ਅਤੇ ਕੈਸਲਗਰ ਤੋਂ ਲਗਭਗ 30 ਕਿਲੋਮੀਟਰ ਉੱਤਰ 'ਚ ਹੈ। ਕੱਲ ਤੱਕ ਇਹ 200 ਹੈਕਟੇਅਰ ਤੱਕ ਫੈਲ ਚੁੱਕੀ ਸੀ।

ਖੇਤਰੀ ਜ਼ਿਲਾ ਕੇਂਦਰੀ ਕੁਟੀਨੇ ਨੇ ਸ਼ਨੀਵਾਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਲੈਬਡੋ, ਲਿਟਲ ਸਲੋਕਨ, ਪਾਸਮੋਰ ਅਤੇ ਵੈਲੀਕਨ 'ਚ 305 ਘਰਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਡਾਇਰੈਕਟਰ ਕ੍ਰਿਸ ਜਾਨਸਨ ਨੇ ਕਿਹਾ, ''ਸਾਰੇ ਨਿਵਾਸੀਆਂ ਨੂੰ ਨੋਟਿਸ ਜਾਰੀ ਹੁੰਦੇ ਹੀ ਆਪਣਾ ਘਰ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਅੱਗ ਬੁਝਾਉਣ 'ਚ 74 ਫਾਈਰਫਾਈਟਰਜ਼ ਲੱਗੇ ਹੋਏ ਹਨ, ਨਾਲ ਹੀ 6 ਹੈਲੀਕਾਪਟਰਾਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਭਾਰੀ ਮਸ਼ੀਨਰੀ ਵੀ ਲਾਈ ਗਈ ਹੈ। ਜਾਨਸਨ ਨੇ ਕਿਹਾ ਕਿ ਖੇਤਰ ਦੇ ਲੋਕਾਂ ਨੂੰ ਹਰ ਸਮੇਂ ਚੌਕਸ ਅਤੇ ਕਿਸੇ ਵੀ ਸਮੇਂ ਘਰ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ। ਟੈਲਬੋਟ ਕ੍ਰੀਕ ਜੰਗਲੀ ਅੱਗ 17 ਅਗਸਤ ਨੂੰ ਲੱਗੀ ਸੀ ਅਤੇ ਹੁਣ ਤੱਕ ਤਕਰੀਬਨ 200 ਹੈਕਟੇਅਰ ਜਾਂ ਦੋ ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਹੈ। ਜ਼ਿਲ੍ਹੇ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਹਵਾਵਾਂ ਚੱਲਣ ਤੋਂ ਬਾਅਦ ਅੱਗ ਵਧੇਰੇ ਸਰਗਰਮ ਹੋ ਗਈ ਹੈ।


Lalita Mam

Content Editor

Related News