WHO ਪਹਿਲੀ ਵਾਰ ਮਨਾਵੇਗਾ ''ਵਰਲਡ ਪੇਸ਼ੇਂਟ ਸੇਫ਼ਟੀ ਡੇਅ''

09/17/2019 1:59:58 PM

ਰੋਮ, (ਕੈਂਥ)— ਮਨੁੱਖੀ ਜ਼ਿੰਦਗੀ ਦੀ ਸੁਰੱਖਿਆ ਹਿੱਤ 7 ਅਪ੍ਰੈਲ, 1948 ਨੂੰ ਹੋਂਦ ਵਿੱਚ ਆਇਆ ਸੰਸਾਰ ਸਿਹਤ ਸੰਗਠਨ (ਡਬਲਿਯੂ. ਐੱਚ. ਓ.) ਦਾ ਮੁੱਖ ਦਫ਼ਤਰ ਯੂਰਪੀਅਨ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਵਿਖੇ ਹੈ। ਸੰਸਾਰ ਸਿਹਤ ਸੰਗਠਨ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਅਫ਼ਰੀਕਾ, ਅਮਰੀਕਾ, ਦੱਖਣੀ-ਪੂਰਬੀ ਏਸ਼ੀਆ, ਯੂਰਪ, ਪੂਰਬੀ ਭੂ-ਮੱਧ ਸਾਗਰ ਅਤੇ ਪੱਛਮੀ ਪ੍ਰਸ਼ਾਂਤ ਦੀ ਧਰਤੀ ਜਾਂ ਜਿੱਥੇ ਵੀ ਮਨੁੱਖੀ ਜ਼ਿੰਦਗੀ ਰਹਿਣ ਬਸੇਰਾ ਕਰਦੀ ਹੈ, ਉੱਥੇ ਆਪਣੀਆਂ ਸ਼ਲਾਘਾਯੋਗ ਕਾਰਵਾਈਆਂ ਲਈ ਜਾਣਿਆਂ ਜਾਂਦਾ ਹੈ। ਇਸ ਸੰਗਠਨ ਦਾ ਮੁੱਖ ਮਕਸਦ ਕੌਮਾਂਤਰੀ ਸਿਹਤ ਕਾਰਜਾਂ ਲਈ ਨਿਰਦੇਸ਼ਤ ਅਤੇ ਤਾਲਮੇਲ ਕਰਨ ਵਾਲੇ ਅਥਾਰਟੀ ਦੇ ਤੌਰ 'ਤੇ ਕੰਮ ਕਰਨਾ ਹੈ।

ਇਸ ਸੰਸਥਾ ਦਾ ਉਦੇਸ਼ ਵਧੀਆ ਤੇ ਲਾਭਕਾਰੀ ਤਕਨੀਕੀ ਸਹਿਯੋਗ ਨੂੰ ਯਕੀਨੀ ਬਣਾਉਣਾ ,ਤਕਨੀਕ ਨੂੰ ਪਹਿਲਾਂ ਤੋਂ ਹੋਰ ਚੰਗਾ ਬਣਾਉਣ ਲਈ ਉਤਸ਼ਾਹਤ ਕਰਨਾ, ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣਾ , ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਦੀ ਸਹਾਇਤਾ ਕਰਨਾ, ਬੀਮਾਰੀਆਂ ਦੇ ਖਾਤਮੇ ਲਈ ਰੂਪ ਰੇਖਾ ਬਣਾਉਣਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਜੇਕਰ ਦਿਲ ਦੇ ਰੋਗ , ਕੈਂਸਰ, ਸ਼ੂਗਰ ਤੇ ਹੋਰ ਘਾਤਕ ਰੋਗਾਂ ਤੋਂ ਬਚਣ ਲਈ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਗਲੇ 10 ਸਾਲਾਂ ਵਿੱਚ ਇਨ੍ਹਾਂ ਘਾਤਕ ਬੀਮਾਰੀਆਂ ਨਾਲ ਪੌਣੇ ਚਾਰ ਕਰੋੜ ਲੋਕਾਂ ਦੀ ਮੌਤ ਹੋਣ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਅਨੁਸਾਰ ਇਸ ਸੰਬਧ 'ਚ ਸਾਡੇ ਮਹਾਨ ਭਾਰਤ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ 24 ਫੀਸਦੀ ਮੌਤਾਂ ਦਿਲ ਦੇ ਰੋਗਾਂ ਨਾਲ, 6 ਫੀਸਦੀ ਕੈਂਸਰ ਨਾਲ, 11 ਫੀਸਦੀ ਸਾਹ ਸੰਬਧੀ ਰੋਗਾਂ ਨਾਲ,  2 ਫੀਸਦੀ ਸ਼ੂਗਰ ਤੇ 10 ਫੀਸਦੀ ਹੋਰ ਅਛੂਤ ਰੋਗਾਂ ਕਾਰਨ ਹੁੰਦੀਆਂ ਹਨ।

ਭਾਰਤ 'ਚ ਏਡਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਜਿੱਥੇ ਹਜ਼ਾਰਾਂ ਵਿੱਚ ਹੈ, ਉੱਥੇ ਪਿਛਲੇ ਸਾਲ ਸਿਰਫ਼ ਟੀ.ਬੀ. ਤੇ ਕੈਂਸਰ ਨਾਲ 6 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।ਇਨ੍ਹਾਂ ਮੌਤਾਂ ਦਾ ਵੱਡਾ ਕਾਰਨ ਸਬੰਧਤ ਬੀਮਾਰੀਆਂ ਪ੍ਰਤੀ ਢੁੱਕਵੀਂ ਜਾਗਰੂਕਤਾ ਨਾ ਹੋਣਾ ਵੀ ਕਿਹਾ ਜਾ ਸਕਦਾ ਹੈ । ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਦੁਨੀਆਂ ਭਰ ਵਿੱਚ ਅਨੇਕਾਂ ਕੇਸਾਂ ਵਿੱਚ ਮਰੀਜ਼ ਨੂੰ ਮਿਲ ਰਿਹਾ ਇਲਾਜ ਅਸੁਰੱਖਿਅਤ ਹੁੰਦਾ ਹੈ, ਜੋ ਉਨ੍ਹਾਂ ਨੂੰ ਮਾਰ ਦਿੰਦਾ ਹੈ। ਦੁਨੀਆਂ ਭਰ ਵਿੱਚ ਅਸੁਰੱਖਿਅਤ ਉਪਚਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਵਿਸ਼ੇਸ਼ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ ਤੇ ਇਸ 17 ਸਤੰਬਰ, 2019 ਨੂੰ ਪਹਿਲੀ ਵਾਰ 'ਵਰਲਡ ਪੇਸ਼ੇਂਟ ਸੇਫ਼ਟੀ ਡੇਅ' ਭਾਵ ਵਿਸ਼ਵ ਮਰੀਜ਼ ਸੁਰੱਖਿਆ ਦਿਨ ਵਜੋਂ ਮਨਾਉਣ ਜਾ ਰਿਹਾ ਹੈ।

ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮਹਾਂ ਨਿਰਦੇਸ਼ਕ ਟੇਡਰੋਸ ਅਦਨੋਮ ਗੈਬਰਿਏਸਸ ਨੇ ਕਿਹਾ ਕਿ ਕਿਸੇ ਵੀ ਬੀਮਾਰੀ ਨਾਲ ਲੜ ਰਹੇ ਮਰੀਜ਼ ਦੀ ਸਿਹਤ ਦੇਖਭਾਲ ਕਰਨ ਸਮੇਂ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਵਿਸ਼ਵ ਵਿੱਚ ਅਸੁਰੱਖਿਅਤ ਇਲਾਜ ਕਾਰਨ ਇੱਕ ਮਿੰਟ ਵਿੱਚ 5 ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਤੇ ਹਰ ਸਾਲ ਅਜਿਹੀਆਂ ਤਰਕੀਰਬਨ 134 ਮਿਲੀਅਨ ਘਟਨਾਵਾਂ ਹੁੰਦੀਆਂ ਹਨ, ਜਿਹੜਾ ਕਿ ਵਿਚਾਰਨਯੋਗ ਗੰਭੀਰ ਮਾਮਲਾ ਹੈ। ਟੇਡਰੋਸ ਅਦਨੋਮ ਗੈਬਰਿਏਸਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ 2.6 ਮਿਲੀਅਨ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਅਸੁੱਰਖਿਅਤ ਇਲਾਜ ਵਿੱਚ ਮਰੀਜ਼ ਦੀ ਬੀਮਾਰੀ ਦੀ ਸਹੀ ਜਾਂਚ ਨਾ ਹੋਣਾ, ਸਹੀ ਦਵਾਈ ਨਾ ਦੇਣਾ ਅਤੇ ਸਹੀ ਆਪਰੇਸ਼ਨ ਨਾ ਹੋਣਾ ਆਦਿ ਵੀ ਸ਼ਾਮਿਲ ਹੈ। ਇਟਲੀ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਮ ਵਿੱਚ 17 ਸਤੰਬਰ ਨੂੰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।


Related News