ਸਾਵਧਾਨ! ਯੂਰਪ ’ਚ ਪਿਛਲੇ ਹਫ਼ਤੇ ਓਮੀਕਰੋਨ ਦੇ 70 ਲੱਖ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ : WHO
Tuesday, Jan 11, 2022 - 06:44 PM (IST)
ਕੋਪਨਹੇਗਨ (ਭਾਸ਼ਾ): ਜਨਵਰੀ ਦੇ ਪਹਿਲੇ ਹਫ਼ਤੇ ਵਿਚ ਪੂਰੇ ਯੂਰਪ ਵਿਚ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ 70 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਜਾਣਕਾਰੀ ਦਿੱਤੀ ਹੈ। ਡਬਲਯੂ.ਐਚ.ਓ. ਯੂਰਪ ਦੇ ਨਿਰਦੇਸ਼ਕ ਡਾਕਟਰ ਹੈਂਸ ਕਲੁਗ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਯੂਰਪੀਅਨ ਖੇਤਰ ਦੇ 26 ਦੇਸ਼ਾਂ ਨੇ ਜਾਣਕਾਰੀ ਦਿੱਤੀ ਕਿ ਹਰ ਹਫ਼ਤੇ ਉਨ੍ਹਾਂ ਦੀ ਇਕ ਫ਼ੀਸਦੀ ਤੋਂ ਵੱਧ ਆਬਾਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਰਹੀ ਹੈ, ਜੋ ਚੇਤਾਵਨੀ ਦਿੰਦੀ ਹੈ ਕਿ ਦੇਸ਼ਾਂ ਦੇ ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਦੀ ਆਮਦ ਨੂੰ ਰੋਕਣ ਦੇ ਮੌਕੇ ਖ਼ਤਮ ਹੁੰਦੇ ਜਾ ਰਹੇ ਹਨ।
ਉਨ੍ਹਾਂ ਨੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਹੈਲਥ ਮੈਟ੍ਰਿਕਸ ਦੇ ਅਨੁਮਾਨਾਂ ਦਾ ਹਵਾਲਾ ਦਿੱਤਾ, ਜਿਸ ਦੇ ਅਨੁਸਾਰ ਅਗਲੇ 6 ਤੋਂ 8 ਹਫ਼ਤਿਆਂ ਵਿਚ ਪੱਛਮੀ ਯੂਰਪ ਵਿਚ ਅੱਧੀ ਆਬਾਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਜਾਵੇਗੀ। ਉਨ੍ਹਾਂ ਕਿਹਾ, ‘ਓਮੀਕਰੋਨ ਪਹਿਲਾਂ ਦੇ ਕਿਸੇ ਵੀ ਹੋਰ ਵੇਰੀਐਂਟ ਨਾਲੋਂ ਤੇਜ਼ੀ ਨਾਲ ਅਤੇ ਜ਼ਿਆਦਾ ਫੈਲ ਰਿਹਾ ਹੈ।’ ਕਲੁਗ ਨੇ ਘਰਾਂ ਵਿਚ ਮਾਸਕ ਪਹਿਨਣ ਦੇ ਹੁਕਮ ਜਾਰੀ ਕਰਨ ਅਤੇ ਜੋਖ਼ਮ ਵਾਲੀ ਆਬਾਦੀ, ਸਿਹਤ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਬੂਸਟਰ ਖ਼ੁਰਾਕ ਸਮੇਤ ਟੀਕਾਕਰਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਡੈਨਮਾਰਕ ਵਿਚ ਬਿਨਾਂ ਟੀਕਾਕਰਨ ਵਾਲੇ ਲੋਕਾਂ ਦੇ ਹਸਪਤਾਲਾਂ ਵਿਚ ਦਾਖ਼ਲ ਹੋਣ ਦੀ ਦਰ ਟੀਕਾ ਲਗਵਾ ਚੁੱਕੇ ਲੋਕਾਂ ਦੀ ਤੁਲਨਾ ਵਿਚ 6 ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ: ਮਾਹਰਾਂ ਦਾ ਦਾਅਵਾ, ਸਦੀ ਦੇ ਅੰਤ ਤੱਕ 180 ਸਾਲ ਤੱਕ ਜਿਊਂਦਾ ਰਹਿ ਸਕੇਗਾ ਮਨੁੱਖ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।