ਜਨਮ ਤੋਂ ਕੁਝ ਦਿਨਾਂ 'ਚ ਹੀ ਚਿਹਰੇ ਪਛਾਨਣ ਲੱਗ ਜਾਂਦੇ ਹਨ ਨਵਜਾਤ
Tuesday, Mar 03, 2020 - 04:47 PM (IST)
ਵਾਸ਼ਿੰਗਟਨ- ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ 6 ਦਿਨ ਤੱਕ ਦੇ ਬੱਚੇ ਦਾ ਦਿਮਾਗ ਚਿਹਰੇ ਪਛਾਨਣ ਤੇ ਸਥਾਨਾਂ ਦੀ ਪਛਾਣ ਜਿਹੇ ਕੰਮਾਂ ਦੇ ਲਈ ਪਹਿਲਾਂ ਤੋਂ ਤਿਆਰ ਹੋ ਸਕਦਾ ਹੈ। ਇਸ ਨਵੀਂ ਖੋਜ ਦੀ ਮਦਦ ਨਾਲ ਓਟਿਜ਼ਮ ਜਿਹੀਆਂ ਵਿਕਾਸ ਸਬੰਧੀ ਕਮੀਆਂ ਦਾ ਤੁਰੰਤ ਪਤਾ ਲੱਗ ਸਕਦਾ ਹੈ।
ਅਧਿਐਨ ਵਿਚ ਨਵਜੰਮਿਆਂ ਵਿਚ ਦੇਖਣ ਤੇ ਸਮਝਣ ਦੀ ਸਮਰਥਾ ਦੇ ਲਈ ਜ਼ਿੰਮੇਦਾਰ ਦਿਮਾਗ ਦੇ ਖੇਤਰਾਂ ਨੂੰ ਫੰਕਸ਼ਨ ਮੈਗਨੇਟਿਕ ਰੇਜੋਂਨੈਂਸ ਇਮੇਜਿੰਗ ਸਕੈਨ ਦੇ ਰਾਹੀਂ ਦੇਖਿਆ ਗਿਆ। ਖੋਜਕਾਰਾਂ ਮੁਤਾਬਕ ਸਰੀਰ ਨੂੰ ਸਕੈਨ ਕਰਨ ਤੇ ਖੂਨ ਦੀਆਂ ਚੁੰਬਕੀ ਵਿਸ਼ੇਸ਼ਤਾਵਾਂ ਨੂੰ ਰਿਕਾਰਡ ਕਰਨ ਦੇ ਲਈ ਇਕ ਵੱਡੇ ਸਾਰੇ ਚੁੰਬਕ ਦੀ ਵਰਤੋਂ ਕਰਕੇ ਦਿਮਾਗ ਦੇ ਵੱਖ-ਵੱਖ ਹਿੱਸਿਆਂ ਵਿਚ ਖੂਨ ਦੇ ਪ੍ਰਵਾਹ ਨੂੰ ਮਾਪਿਆ ਗਿਆ ਤੇ ਦੇਖਿਆ ਗਿਆ ਕਿ ਕਿਹੜਾ ਹਿੱਸਾ ਵਧੇਰੇ ਸਰਗਰਮ ਹੈ। ਏਮੋਰੀ ਯੂਨੀਵਰਸਿਟੀ ਦੇ ਸੀਨੀਅਰ ਖੋਜਕਾਰ ਡੈਨੀਅਲ ਦਿਲਕਸ ਨੇ ਕਿਹਾ ਕਿ ਅਸੀਂ ਇਕ ਬੁਨਿਆਦੀ ਸਵਾਲ ਦੀ ਜਾਂਚ ਕਰ ਰਹੇ ਹਾਂ ਕਿ ਆਖਿਰ ਗਿਆਨ ਕਿਥੋਂ ਆਉਂਦਾ ਹੈ। ਅਸੀਂ ਦੁਨੀਆ ਵਿਚ ਕਿਸ ਚੀਜ਼ ਦੇ ਨਾਲ ਆਉਂਦੇ ਹਾਂ ਤੇ ਅਨੁਭਵ ਤੋਂ ਕੀ ਹਾਸਲ ਕਰਦੇ ਹਾਂ। ਹੋਰ ਖੋਜਕਾਰ ਫ੍ਰੈਡੇਰਿਕ ਕੈਂਪਸ ਨੇ ਕਿਹਾ ਕਿ ਅਸੀਂ ਦਰਸਾਇਆ ਕਿ ਬੱਚਿਆਂ ਦਾ ਦਿਮਾਗ ਤੇ ਉਹਨਾਂ ਦੀ ਸਮਝ ਸਾਡੀ ਸੋਚ ਦੇ ਮੁਕਾਬਲੇ ਜ਼ਿਆਦਾ ਵਿਕਸਿਤ ਹੁੰਦੇ ਹਨ। ਇਹ ਅਧਿਐਨ 'ਪੀ.ਐਨ.ਏ.ਐਸ.' ਮੈਗੇਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ।