ਮੇਗਨ ਨਾਲ ਹੋਈ ਘਟਨਾ ਦੁਖਦਾਈ, ਦੁਨੀਆ ਨੂੰ ਇਸ ਤੋਂ ਸਬਕ ਲੈਣਾ ਚਾਹੀਦੈ : ਮਿਸ਼ੇਲ ਓਬਾਮਾ

Thursday, Mar 18, 2021 - 03:07 AM (IST)

ਵਾਸ਼ਿੰਗਟਨ/ਲੰਡਨ - ਇੰਗਲੈਂਡ ਦੇ ਸ਼ਾਹੀ ਪਰਿਵਾਰ ਨਾਲ ਰੰਗਭੇਦ ਦੀ ਘਟਨਾ ਬਾਰੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਦੁੱਖ ਜਤਾਇਆ ਹੈ। ਉਨ੍ਹਾਂ ਆਖਿਆ ਕਿ ਮੇਗਨ ਦੇ ਪਰਿਵਾਰਕ ਮੈਂਬਰ ਵੱਲੋਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ 'ਤੇ ਟਿੱਪਣੀ ਕਰਨੀ ਦੁਖਦਾਈ ਹੈ, ਦੁਨੀਆ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ।

ਰੰਗਭੇਦ ਮੇਰੇ ਲਈ ਨਵੀਂ ਗੱਲ ਨਹੀਂ - ਮਿਸ਼ੇਲ
ਇਕ ਇੰਟਰਵਿਊ ਵਿਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਮੇਗਨ ਲਈ ਦੁਖਦਾਈ ਹੈ। ਉਸ ਦੇ ਖੁਦ ਦੇ ਪਰਿਵਾਰ ਲੋਕ ਉਸ ਬਾਰੇ ਅਜਿਹੀ ਸੋਚ ਰੱਖਦੇ ਹਨ। ਹਾਲਾਂਕਿ ਮੇਰੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ, ਰੰਗ ਦੇ ਆਧਾਰ 'ਤੇ ਲੋਕ ਆਪਣੀ ਧਾਰਣਾ ਬਣਾਉਂਦੇ ਹਨ। ਮੈਂ ਉਸ ਨੂੰ ਸਮਝ ਸਕਦੀ ਹਾਂ ਕਿ ਜਲਦ ਹੀ ਮੇਗਨ ਆਪਣੇ ਪਰਿਵਾਰ ਨੂੰ ਮੁਆਫ ਕਰ ਦੇਵੇਗੀ ਅਤੇ ਸਭ ਕੁਝ ਠੀਕ ਹੋਵੇਗਾ। ਭਵਿੱਖ ਵਿਚ ਅਸੀਂ ਇਸ ਘਟਨਾ ਨੂੰ ਇਕ ਸਬਕ ਸਬੰਧੀ ਯਾਦ ਰੱਖਾਂਗੇ।

ਮੇਗਨ ਨੇ ਇੰਟਰਵਿਊ 'ਚ ਲਾਏ ਸਨ ਗੰਭੀਰ ਦੋਸ਼
ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੇ ਓਪਰਾ ਵਿਨਫ੍ਰੇ ਨੂੰ ਦਿੱਤੀ ਇਕ ਇੰਟਰਵਿਊ ਵਿਚ ਸ਼ਾਹੀ ਪਰਿਵਾਰ 'ਤੇ ਗੰਭੀਰ ਦੋਸ਼ ਲਾਏ ਹਨ। ਮੇਗਨ ਨੇ ਇਸ ਇੰਟਰਵਿਊ ਵਿਚ ਬਕਿੰਘਮ ਪੈਲੇਸ 'ਤੇ ਰੰਗ ਦੇ ਆਧਾਰ 'ਤੇ ਭੇਦਭਾਵ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਆਖਿਆ ਕਿ ਰਾਜ ਪਰਿਵਾਰ ਵਿਚ ਰਹਿਣ ਦੌਰਾਨ ਉਨ੍ਹਾਂ ਨੂੰ ਆਤਮ-ਹੱਤਿਆ ਕਰਨ ਦੇ ਖਿਆਲ ਆਉਣ ਲੱਗੇ ਸਨ। ਸ਼ਾਹੀ ਪਰਿਵਾਰ ਉਨ੍ਹਾਂ ਦੇ ਬੇਟੇ ਆਰਚੀ ਦੇ ਰੰਗ ਨੂੰ ਲੈ ਕੇ ਪਰੇਸ਼ਾਨ ਸਨ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਇਹ ਦੋਸ਼ ਲਾਏ ਹਨ।

ਪਿਛਲੇ ਸਾਲ ਛੱਡੀ ਸੀ ਸ਼ਾਹੀ ਉਪਾਧੀ
ਮਹਾਰਾਣੀ ਏਲੀਜ਼ਾਬੇਥ-2 ਦੇ ਪੋਤੇ ਹੈਰੀ ਅਤੇ ਉਨ੍ਹਾਂ ਦੀ ਪਤਨੀ ਨੇ ਪਿਛਲੇ ਸਾਲ ਮਾਰਚ ਵਿਚ ਫਰੰਟਲਾਈਨ ਰਾਇਲ ਡਿਊਟੀ ਛੱਡ ਦਿੱਤੀ ਸੀ ਅਤੇ ਹੁਣ ਉਹ ਕੈਲੀਫੋਰਨੀਆ ਵਿਚ ਰਹਿੰਦੇ ਹਨ। ਪਿਛਲੇ ਸਾਲ ਜਨਵਰੀ ਵਿਚ ਹੀ ਦੋਹਾਂ ਨੇ ਡਿਊਕ ਆਫ ਸਸੇਕਸ ਅਤੇ ਡਚੇਸ ਆਫ ਸਸੇਕਸ ਦੀ ਸ਼ਾਹੀ ਉਪਾਧੀ ਛੱਡਣ ਦਾ ਐਲਾਨ ਕੀਤਾ ਸੀ।


Khushdeep Jassi

Content Editor

Related News