ਅਮਰੀਕਾ 'ਤੇ ਮੰਡਰਾਅ ਰਿਹੈ ਇਹ ਖਤਰਾ, ਮਾਹਰਾਂ ਨੂੰ ਖਦਸ਼ਾ ਜੂਨ ਤੋਂ ਸ਼ੁਰੂ ਹੋ ਸਕਦੀ ਹੈ ਤਬਾਹੀ
Wednesday, Apr 22, 2020 - 12:27 PM (IST)

ਵਾਸ਼ਿੰਗਟਨ- ਅਮਰੀਕਾ ਨੇ ਹਾਲ ਹੀ ਵਿਚ 1200 ਸਾਲ ਦਾ ਸਭ ਤੋਂ ਭਿਆਨਕ ਸੋਕਾ ਦੇਖਿਆ ਹੈ। ਇਹ ਸੋਕਾ 18 ਸਾਲ ਤੱਕ ਚੱਲਿਆ ਭਾਵ 2000 ਤੋਂ 2018 ਤੱਕ। ਇਸ ਤੋਂ ਬਾਅਦ ਹੁਣ ਕੋਰੋਨਾ ਨੇ ਅਮਰੀਕਾ ਨੂੰ ਬੁਰੀ ਤਰ੍ਹਾਂ ਜਕੜ ਲਿਆ ਹੈ। ਇਸ ਮਹਾਮਾਰੀ ਨੇ 7 ਲੱਖ ਤੋਂ ਵੱਧ ਅਮਰੀਕੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅਜਿਹੇ ਵਿਚ 'ਅਮਰੀਕੀ ਨੈਸ਼ਨਲ ਓਸ਼ਿਐਨੋਗ੍ਰਾਫਿਕ ਐਂਡ ਐਟਮੋਸਫੇਅਰਿਕ ਐਡਮਨਿਸਟ੍ਰੇਸ਼ਨ' ਅਤੇ 'ਯੂਨੀਵਰਸਿਟੀ ਆਫ ਐਰੀਜੋਨਾ ਦੇ ਹਾਈਡ੍ਰੋਲਾਜਿਕ ਐਂਡ ਐਟਮੋਸਫੇਅਰਿਕ ਸਾਇੰਸਜ਼' ਨੇ ਦੱਸਿਆ ਹੈ ਕਿ ਜੂਨ ਤੋਂ ਅਮਰੀਕਾ ਉੱਪਰ ਇਕ ਹੋਰ ਮੁਸੀਬਤ ਮੰਡਰਾਏਗੀ, ਜੋ ਤੂਫਾਨ ਅਤੇ ਸਾਈਕਲੋਨ ਹੋਣਗੇ। ਸੰਸਥਾਵਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਭਾਰੀ ਤੂਫਾਨ ਆਉਣ ਦਾ ਖਦਸ਼ਾ ਹੈ ਜਿਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਅਜਿਹੀ ਹੀ ਭਵਿੱਖਬਾਣੀ ਅਟਲਾਂਟਾ ਦੀ ਇਕ ਨਿੱਜੀ ਕੰਪਨੀ 'ਦਿ ਵੈਦਰ ਚੈਲਨ' ਨੇ ਵੀ ਕੀਤੀ ਹੈ।
'ਦਿ ਵੈਦਰ ਚੈਨਲ' ਮੁਤਾਬਕ ਇਸ ਸਾਲ 1 ਜੂਨ ਤੋਂ ਲੈ ਕੇ 30 ਨਵੰਬਰ ਵਿਚਕਾਰ 18 ਤੂਫਾਨ ਆਉਣਗੇ। ਇਸ ਮੁਤਾਬਕ ਤਿੰਨ ਤੂਫਾਨ ਤਾਂ ਇੰਨੇ ਕੁ ਭਿਆਨਕ ਹੋਣਗੇ ਕਿ ਹਵਾ ਦੀ ਰਫਤਾਰ 178 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਅਟਲਾਂਟਿਕ ਮਹਾਸਾਗਰ ਦੀ ਗਰਮੀ ਕਾਰਨ ਤੂਫਾਨਾਂ ਦੀ ਗਿਣਤੀ ਵਧਦੀ ਦਿਖਾਈ ਦੇ ਰਹੀ ਹੈ।
ਵਿਗਿਆਨੀਆਂ ਨੇ ਪਿਛਲੇ 30 ਸਾਲਾਂ ਦੇ ਅਧਿਐਨ ਤੋਂ ਇਹ ਨਤੀਜਾ ਕੱਢਿਆ ਹੈ। 1993 ਦੇ ਬਾਅਦ ਅਟਲਾਂਟਿਕ ਮਹਾਸਾਗਰ ਵਿਚ ਗਰਮੀ ਜ਼ਿਆਦਾ ਹੋ ਗਈ ਹੈ। ਜੂਨ ਆਉਂਦੇ ਤਕ ਇਸ ਦਾ ਅਸਰ ਹੋਰ ਵਧੇਗਾ ਤੇ ਇਹ ਹੋਰ ਖਤਰਨਾਕ ਬਣ ਸਕਦਾ ਹੈ। ਇਸ ਤੋਂ ਇਲਾਵਾ 163 ਵਾਰ ਭਾਰੀ ਮੀਂਹ ਤੇ ਤੇਜ਼ ਹਵਾਵਾਂ ਵੀ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦੇਣਗੀਆਂ।