ਸ਼ਰਤਾਂ ਦੀ ਉਲੰਘਣਾ: ਵੀਜ਼ਾ ਧਾਰਕ ਨੇ ਆਸਟ੍ਰੇਲੀਆ ''ਚ ਪੜ੍ਹਾਈ ਦੌਰਾਨ 48 ਘੰਟਿਆਂ ਤੋਂ ਵੱਧ ਕੰਮ ਕੀਤਾ
Tuesday, Feb 11, 2025 - 03:58 PM (IST)
![ਸ਼ਰਤਾਂ ਦੀ ਉਲੰਘਣਾ: ਵੀਜ਼ਾ ਧਾਰਕ ਨੇ ਆਸਟ੍ਰੇਲੀਆ ''ਚ ਪੜ੍ਹਾਈ ਦੌਰਾਨ 48 ਘੰਟਿਆਂ ਤੋਂ ਵੱਧ ਕੰਮ ਕੀਤਾ](https://static.jagbani.com/multimedia/2025_2image_15_01_023392872australia.jpg)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਵਿੱਚ ਪੜ੍ਹਾਈ ਦੌਰਾਨ ਇੱਕ ਵੀਜ਼ਾ ਧਾਰਕ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਹ ਵੀਜ਼ਾ ਧਾਰਕ ਫਰਵਰੀ 2025 ਵਿੱਚ ਐਡੀਲੇਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਸੀ ਅਤੇ ਉਸ ਕੋਲ ਮਾਰਚ 2022 ਵਿੱਚ ਜਾਰੀ ਕੀਤਾ ਗਿਆ TU-500 ਵੀਜ਼ਾ ਸੀ। ਇਸ ਵੀਜ਼ੇ ਦੀ ਸ਼ਰਤ 8105 ਤਹਿਤ ਇਹ ਨਿਯਮ ਸੀ ਕਿ ਵੀਜ਼ਾ ਧਾਰਕ ਨੂੰ ਕਿਸੇ ਵੀ ਪੰਦਰਵਾੜੇ ਵਿੱਚ 40 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ, ਜਦੋਂ ਉਸਦਾ ਅਧਿਐਨ ਸੈਸ਼ਨ ਚੱਲ ਰਿਹਾ ਹੋਵੇ। ਇਸ ਵੀਜ਼ਾ ਧਾਰਕ ਨੇ ਇਸ ਸ਼ਰਤ ਦੀ ਉਲੰਘਣਾ ਕੀਤੀ ਅਤੇ ਅਧਿਐਨ (ਪੜ੍ਹਾਈ) ਦੌਰਾਨ 48 ਘੰਟਿਆਂ ਤੋਂ ਵੱਧ ਕੰਮ ਕੀਤਾ।
ਪ੍ਰੋਵਾਈਡਰ ਰਜਿਸਟ੍ਰੇਸ਼ਨ ਐਂਡ ਇੰਟਰਨੈਸ਼ਨਲ ਮੈਨੇਜਮੈਂਟ ਸਿਸਟਮ (PRISMS) ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਵੀਜ਼ਾ ਧਾਰਕ ਮਾਰਚ 2022 ਤੋਂ ਬੈਚਲਰ ਆਫ਼ ਇਨਫਰਮੇਸ਼ਨ ਟੈਕਨਾਲੋਜੀ ਵਿੱਚ ਦਾਖਲ ਹੋਇਆ ਸੀ ਪਰ ਜੁਲਾਈ 2022 ਵਿੱਚ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ। ਫਿਰ ਉਸਨੇ ਅਕਤੂਬਰ 2022 ਤੋਂ ਸਤੰਬਰ 2024 ਤੱਕ ਤਰਖਾਣ ਵਿੱਚ ਸਰਟੀਫਿਕੇਟ III ਪੂਰਾ ਕੀਤਾ ਅਤੇ ਹੁਣ ਦਸੰਬਰ 2024 ਤੋਂ ਗ੍ਰੈਜੂਏਟ ਡਿਪਲੋਮਾ ਆਫ਼ ਮੈਨੇਜਮੈਂਟ (ਲਰਨਿੰਗ) ਵਿੱਚ ਦਾਖਲਾ ਲਿਆ ਹੈ।
ਜਦੋਂ ਵੀਜ਼ਾ ਧਾਰਕ ਨੇ ਐਡੀਲੇਡ ਵਿੱਚ ਸਾਮਾਨ ਦੀ ਜਾਂਚ ਦੌਰਾਨ ਆਸਟ੍ਰੇਲੀਅਨ ਬਾਰਡਰ ਫੋਰਸ (ABF) ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਤਾਂ ਉਸਨੇ ਮੰਨਿਆ ਕਿ ਉਸਨੇ ਆਪਣੀ ਪੜ੍ਹਾਈ (ਅਧਿਐਨ ਸੈਸ਼ਨ) ਦੌਰਾਨ ਹਰ ਪੰਦਰਵਾੜੇ 48 ਘੰਟੇ ਤੋਂ ਵੱਧ ਕੰਮ ਕੀਤਾ ਹੈ। ਫਿਰ ਅਧਿਕਾਰੀਆਂ ਨੇ ਉਸਦੇ ਮੋਬਾਈਲ ਫੋਨ ਦੀ ਜਾਂਚ ਕੀਤੀ, ਜਿਸ ਵਿੱਚ ਉਹ ਫੋਟੋਆਂ ਸਨ, ਜੋ ਉਸਨੇ ਘੰਟਿਆਂ ਤੱਕ ਉਬੇਰ ਲਈ ਗੱਡੀ ਚਲਾਉਂਦੇ ਸਮੇਂ ਲਈਆਂ ਸਨ। ਏਬੀਐਫ ਅਧਿਕਾਰੀਆਂ ਨਾਲ ਇੱਕ ਇੰਟਰਵਿਊ ਵਿੱਚ ਵੀਜ਼ਾ ਧਾਰਕ ਨੇ ਮੰਨਿਆ ਕਿ ਮਾਰਚ ਅਤੇ ਅਪ੍ਰੈਲ 2024 ਦੇ ਵਿਚਕਾਰ ਜਦੋਂ ਉਸ ਦਾ ਅਧਿਐਨ ਸੈਸ਼ਨ ਚੱਲ ਰਿਹਾ ਸੀ, ਉਹ ਪ੍ਰਤੀ ਹਫ਼ਤਾ 50-60 ਘੰਟੇ ਕੰਮ ਕਰ ਰਿਹਾ ਸੀ।
ਮੋਬਾਈਲ ਐਪ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਉਸਨੇ 2024 ਦੇ ਮਾਰਚ ਅਤੇ ਅਪ੍ਰੈਲ ਦੌਰਾਨ ਹੇਠ ਲਿਖੇ ਘੰਟੇ ਕੰਮ ਕੀਤਾ:
11-18 ਮਾਰਚ: 28 ਘੰਟੇ, 16 ਮਿੰਟ
18-25 ਮਾਰਚ: 42 ਘੰਟੇ
25 ਮਾਰਚ ਤੋਂ 01 ਅਪ੍ਰੈਲ: 24 ਘੰਟੇ, 44 ਮਿੰਟ
01-08 ਅਪ੍ਰੈਲ : 40 ਘੰਟੇ, 57 ਮਿੰਟ
08-15 ਅਪ੍ਰੈਲ: 18 ਘੰਟੇ, 13 ਮਿੰਟ
15-22 ਅਪ੍ਰੈਲ: 39 ਘੰਟੇ, 2 ਮਿੰਟ
ਇਸ ਮਾਮਲੇ ਵਿੱਚ ਵੀਜ਼ਾ ਧਾਰਕ ਨੇ ਮੰਨਿਆ ਕਿ ਉਸਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਵੱਧ ਘੰਟੇ ਕੰਮ ਕੀਤਾ ਹੈ ਜੋ ਕਿ ਉਸਦੀ ਵੀਜ਼ਾ ਸ਼ਰਤਾਂ ਦੇ ਵਿਰੁੱਧ ਸੀ।