ਵਰਜੀਨੀਆ ਦੇ ਗੁਰੂਘਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾਈ ਗਈ
Monday, Jun 11, 2018 - 11:04 AM (IST)

ਵਰਜੀਨੀਆ (ਰਾਜ ਗੋਗਨਾ)— ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲ਼ਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਸਲਾਨਾ ਬਰਸੀ ਗੁਰੂ ਘਰ ਮਨਾਸਸ (ਵਰਜੀਨੀਆ) ਵਿਖੇ ਬੀਤੇ ਦਿਨ ਮਨਾਈ ਗਈ। ਇਸ ਮੌਕੇ ਪਿਛਲੇ ਤਿੰਨ ਦਿਨਾਂ ਤੋਂ ਚਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਹੁੰਮ-ਹੁਮਾਂ ਕੇ ਭਾਰੀ ਗਿਣਤੀ ਵਿਚ ਸ਼ਾਮਲ ਹੋਈਆਂ। ਇਸ ਮੌਕੇ ਬਲਵਿੰਦਰ ਸਿੰਘ ਸੁਜਲਾਨਾ ਨੇ ਸੰਗਤਾਂ ਨੂੰ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਜ਼ਿੰਦਗੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਬਾਬਾ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ ਅਤੇ ਨਨਕਾਣਾ ਸਾਹਿਬ ਵਿਚ ਸੰਗਤਾਂ ਦੀ ਦੇਖ-ਰੇਖ ਅਤੇ ਲੁਬਾਣਾ ਬੁੰਗਾ ਬਣਾਉਣ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਗੁਰੂ-ਘਰਾਂ ਦੀ ਉਨ੍ਹਾਂ ਬਹੁਤ ਸੇਵਾ ਕੀਤੀ। ਉਨ੍ਹ੍ਹਾਂ ਲੋਕਾਂ ਨੂੰ ਲੋਕ ਦਿਖਾਵਿਆਂ ਤੋਂ ਦੂਰ ਰਹਿ ਕੇ ਸਾਦੇ ਢੰਗ ਦਾ ਜੀਵਨ ਬਿਤਾਉਣ ਦਾ ਵੀ ਉਪਦੇਸ਼ ਦਿੱਤਾ। ਜੋ ਕਿ ਸਮਾਜ ਸੇਵਾ ਵਿਚ ਇਕ ਅਹਿਮ ਹਿੱਸਾ ਸੀ।
ਬੁਲਾਰਿਆਂ ਨੇ ਕਿਹਾ ਕਿ ਉਸ ਸਮੇਂ ਦੇ ਦੌਰ ਵਿਚ ਜ਼ਿਆਦਾਤਰ ਲੋਕ ਖੇਤੀਬਾੜੀ 'ਤੇ ਹੀ ਨਿਰਭਰ ਸਨ, ਜਿਸ ਕਰਕੇ ਲੋਕ ਬੱਚਿਆਂ ਦੀ ਪੜ੍ਹਾਈ-ਲਿਖਾਈ ਲਈ ਇੰਨੇ ਜ਼ਿਆਦਾ ਸੰਜੀਦਾ ਨਹੀਂ ਸਨ। ਬਾਬਾ ਜੀ ਨੇ ਲੋਕਾਂ ਨੂੰ ਸਿਰਫ ਬੱਚਿਆਂ ਦੀ ਪੜ੍ਹਾਈ-ਲਿਖਾਈ ਲਈ ਹੀ ਜਾਗ੍ਰਿਤ ਨਹੀਂ ਕੀਤਾ, ਸਗੋਂ ਅਣਗਿਣਤ ਸਕੂਲ ਵੀ ਖੁਲਵ੍ਹਾਏ। ਉਸ ਵੇਲੇ ਐਸ .ਜੀ .ਪੀ. ਸੀ ਵੱਲੋਂ ਬਾਬਾ ਪ੍ਰੇਮ ਸਿੰਘ ਜੀ ਨੂੰ ਚੋਣਾਂ ਵਿਚ ਹਿੱਸਾ ਲੈ ਕੇ ਸਮਾਜ ਸੁਧਾਰਕ ਕੰਮਾਂ ਵਿਚ ਵਾਧਾ ਕਰਵਾਉਣ ਲਈ ਬੇਨਤੀ ਕੀਤੀ। ਜਿਸ ਨਾਲ ਬਾਬਾ ਜੀ ਨੇ 68 ਸਾਲ ਦੀ ਉਮਰ ਤੱਕ ਸਿਰਫ਼ ਸਿੱਖ ਕੋਮ ਦੀ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਭਲੇ ਲਈ ਬੇਹੱਦ ਸੇਵਾ ਕੀਤੀ। ਇਸ ਮੌਕੇ ਸਿੱਖ ਸੈਂਟਰ ਆਫ ਵਰਜੀਨੀਆ ਦੀ ਕਮੇਟੀ ਨੇ ਆਈ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ।