ਹਿੰਸਕ ਹੋਇਆ ਯੈਲੋ ਵੈਸਟ ਅੰਦੋਲਨ, ਬੈਲਜੀਅਮ ਤੇ ਨੀਦਰਲੈਂਡ ਤੱਕ ਪੁੱਜਾ ਸੇਕ

Sunday, Dec 09, 2018 - 03:29 PM (IST)

ਹਿੰਸਕ ਹੋਇਆ ਯੈਲੋ ਵੈਸਟ ਅੰਦੋਲਨ, ਬੈਲਜੀਅਮ ਤੇ ਨੀਦਰਲੈਂਡ ਤੱਕ ਪੁੱਜਾ ਸੇਕ

ਪੈਰਿਸ (ਏਜੰਸੀ)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਈਂਧਨ ਟੈਕਸ ਵਿਚ ਵਾਧੇ ਖਿਲਾਫ ਲੋਕਾਂ ਦਾ ਯੈਲੋ ਵੈਸਟ ਅੰਦੋਲਨ ਹਿੰਸਕ ਹੋ ਚੁੱਕਾ ਹੈ. ਇਹ ਵਿਰੋਧ ਪ੍ਰਦਰਸ਼ਨ ਹੁਣ ਬੈਲਜੀਅਮ ਅਤੇ ਨੀਦਰਲੈਂਡ ਤੱਕ ਪਹੁੰਚ ਚੁੱਕਾ ਹੈ। ਪੁਲਸ ਅਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਵਿਚਾਲੇ ਸ਼ਨੀਵਾਰ ਨੂੰ ਹੋਈ ਭਿੜੰਤ ਨਾਲ ਤਣਾਅ ਹੋਰ ਜ਼ਿਆਦਾ ਵੱਧ ਗਿਆ, ਜਿਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੀ ਵਰਤੋਂ ਕੀਤੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਕਿਹਾ ਕਿ ਹੁਣ ਤੱਕ 481 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 200 ਲੋਕ ਸਿਰਫ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਨ। ਸਰਕਾਰ ਨੂੰ ਸ਼ੱਕ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਰੋਧ ਪ੍ਰਦਰਸ਼ਨ ਹੋਰ ਹਿੰਸਕ ਹੋ ਸਕਦੇ ਹਨ।

ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਲਗਭਗ 5000 ਪ੍ਰਦਰਸ਼ਨਕਾਰੀ ਪੈਰਿਸ ਸ਼ਹਿਰ ਦੇ ਵਿਚੋ-ਵਿਚ ਇਕੱਠੇ ਹੋ ਗਏ। ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੈਰਿਸ ਵਿਚ ਲਗਭਗ 8000 ਅਧਿਕਾਰੀਆਂ ਅਤੇ 12 ਹਥਿਆਰਬੰਦ ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਥੇ ਹੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਲਗਭਗ 90,000 ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਅੰਦੋਲਨ ਰੋਕਣ ਲਈ ਹੁਣ ਤੱਕ ਕੋਈ ਠੋਸ ਪੈਸਲਾ ਨਹੀਂ ਲਿਆ ਹੈ। ਪ੍ਰਦਰਸ਼ਨਕਾਰੀ ਸਰਕਾਰ ਦੇ ਵਿਰੋਧ ਵਿਚ ਮੈਕਰੋਂ ਅਸਤੀਫਾ ਦਿਓ ਦੇ ਨਾਅਰੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਪੈਰਿਸ ਵਿਚ ਵਿਆਪਕ ਪ੍ਰਦਰਸ਼ਨ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਫਰਾਂਸ ਵਿਚ ਈਂਧਨ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਬਹੁਤ ਗੁੱਸਾ ਹੈ। ਇਸ ਦੇ ਲਈ ਇਹ ਲੋਕ ਸਿੱਧੇ ਤੌਰ 'ਤੇ ਰਾਸ਼ਟਰਪਤੀ ਮੈਕਰੋਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਸ ਦੇ ਵਿਰੋਧ ਵਿਚ ਅਕਤੂਬਰ ਵਿਚ ਸੋਸ਼ਲ ਮੀਡੀਆ 'ਤੇ ਯੈਲੋ ਵੈਸਟ ਅੰਦੋਲਨ ਦੀ ਸ਼ੁਰੂਆਤ ਹੋਈ ਕਿਉਂਕਿ ਇਹ ਪ੍ਰਦਰਸ਼ਨਕਾਰੀ ਪੀਲੀ ਜੈਕੇਟ ਪਹਿਨ ਕੇ ਅੰਦੋਲਨ ਕਰ ਰਹੇ ਹਨ, ਇਸ ਲਈ ਇਨ੍ਹਾਂ ਨੂੰ ਯੈਲੋ ਵੈਸਟ ਨਾਂ ਦਿੱਤਾ ਗਿਆ ਹੈ।


author

Sunny Mehra

Content Editor

Related News