ਹੈਰਾਨੀਜਨਕ! ਇਸ ਬਜ਼ੁਰਗ ਨੇ 80 ਸਾਲ ਤੋਂ ਨਹੀਂ ਕੱਟੇ ਆਪਣੇ ਵਾਲ (ਤਸਵੀਰਾਂ)
Thursday, Aug 27, 2020 - 06:39 PM (IST)
ਹਨੋਈ (ਬਿਊਰੋ): ਵੀਅਤਨਾਮ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 92 ਸਾਲਾ ਬਜ਼ੁਰਗ ਨੇ 80 ਸਾਲ ਤੋਂ ਆਪਣੇ ਵਾਲ ਨਹੀਂ ਕੱਟੇ ਹਨ। ਇਹੀ ਨਹੀਂ ਇੰਨੇ ਸਾਲਾਂ ਵਿਚ ਉਹਨਾਂ ਨੇ ਆਪਣੇ ਵਾਲ ਕਦੇ ਨਹੀਂ ਝਾੜੇ। ਹੁਣ ਉਹਨਾਂ ਦੇ ਵਾਲ ਕਰੀਬ 5 ਮੀਟਰ ਲੰਬੇ ਹੋ ਚੁੱਕੇ ਹਨ। ਇਸ ਬਜ਼ੁਰਗ ਸ਼ਖਸ ਦਾ ਨਾਮ ਨਗੁਯੇਨ ਵਾਨ ਚੇਇਨ (Nguyen Van Chien) ਹੈ।
ਚੇਇਨ ਦੇ ਵਾਲ ਨਾ ਕੱਟਣ ਅਤੇ ਝਾੜਨ ਦੇ ਪਿੱਛੇ ਇਕ ਅਜੀਬ ਡਰ ਲੁਕਿਆ ਹੋਇਆ ਹੈ। ਅਸਲ ਵਿਚ ਚੇਇਨ ਨੂੰ ਡਰ ਹੈਕਿ ਜੇਕਰ ਉਹਨਾਂ ਨੇ ਵਾਲ ਕੱਟੇ ਤਾਂ ਉਹਨਾਂ ਦੀ ਮੌਤ ਹੋ ਜਾਵੇਗੀ।ਚੇਇਨ ਇਸ ਆਸਥਾ ਨੂੰ ਮੰਨਦੇ ਹਨ ਕਿ ਈਸ਼ਵਰ ਨੇ ਪੈਦਾ ਹੁੰਦੇ ਸਮੇਂ ਜੋ ਕੁਝ ਵੀ ਦਿੱਤਾ ਹੈ, ਉਸ ਨੂੰ ਛੂਹਣਾ ਨਹੀਂ ਚਾਹੀਦਾ। ਉਹਨਾਂ ਨੇ ਕਿਹਾ,''ਮੇਰਾ ਵਿਸ਼ਵਾਸ ਹੈ ਕਿ ਜੇਕਰ ਮੈਂ ਆਪਣੇ ਵਾਲ ਕੱਟੇ ਤਾਂ ਮੈਂ ਮਰ ਜਾਵਾਂਗਾ।'' ਉਹਨਾਂ ਨੇ ਅੱਗੇ ਕਿਹਾ,''ਇਸ ਲਈ ਮੈਂ ਤੈਅ ਕੀਤਾ ਕਿ ਕੁਝ ਵੀ ਨਹੀਂ ਬਦਲਾਂਗਾ। ਇੱਥੋਂ ਤੱਕ ਕਿ ਆਪਣੇ ਵਾਲ ਝਾੜਾਂਗਾ ਵੀ ਨਹੀਂ।'' ਚੇਇਨ ਨੇ ਹੋਰ ਅੱਗੇ ਦੱਸਿਆ,''ਮੈਂ ਵਾਲਾਂ ਦੀ ਸਿਰਫ ਸੇਵਾ ਕਰਦਾ ਹਾਂ। ਸਕਾਰਫ ਨਾਲ ਇਹਨਾਂ ਨੂੰ ਢੱਕ ਕੇ ਰੱਖਦਾ ਹਾਂ ਤਾਂ ਜੋ ਉਹ ਸੁੱਕੇ ਰਹਿਣ। ਨਾਲ ਹੀ ਇਹਨਾਂ ਨੂੰ ਸਾਫ ਰੱਖਦਾ ਹਾਂ ਤਾਂ ਜੋ ਚੰਗੇ ਦਿਸਣ।''
ਚੇਇਨ 9 ਸ਼ਕਤੀਆਂ ਅਤੇ 7 ਭਗਵਾਨਾਂ ਦੀ ਪੂਜਾ ਕਰਦੇ ਹਨ। ਉਹਨਾਂ ਦਾ ਮੰਨਣਾ ਹੈਕਿ ਈਸ਼ਵਰ ਨੇ ਵਾਲ ਵਧਾਉਂਦੇ ਰਹਿਣ ਲਈ ਕਿਹਾ ਸੀ। ਉਹ ਸਿਰਫ ਆਪਣੇ ਵਾਲਾਂ 'ਤੇ ਨਾਰੰਗੀ ਰੰਗ ਦੀ ਪੱਗ ਰੱਖਦੇ ਹਨ।ਉਹਨਾਂ ਨੇ ਦੱਸਿਆ ਕਿ ਜਦੋਂ ਉਹ ਸਕੂਲ ਵਿਚ ਸਨ, ਉਦੋਂ ਉਹ ਆਪਣੇ ਵਾਲ ਕਟਵਾਉਂਦੇ ਸਨ ਪਰ ਤੀਜੀ ਜਮਾਤ ਵਿਚ ਸਕੂਲ ਛੱਡਣ ਦੇ ਬਾਅਦ ਉਹਨਾਂ ਨੇ ਨਾ ਤਾਂ ਵਾਲ ਕਟਵਾਉਣ ਅਤੇ ਨਾ ਹੀ ਉਹਨਾਂ ਨੂੰ ਕੰਘੀ ਕਰਨ ਦਾ ਫੈਸਲਾ ਲਿਆ। ਉਹਨਾਂ ਨੇ ਵਾਲਾਂ ਨੂੰ ਧੋਣਾ ਵੀ ਬੰਦ ਕਰ ਦਿੱਤਾ।
ਚੇਇਨ ਨੇ ਕਿਹਾ,''ਮੈਨੂੰ ਯਾਦ ਹੈ ਕਿ ਮੇਰੇ ਵਾਲ ਕਾਲੇ ,ਮੋਟੇ ਅਤੇ ਮਜ਼ਬੂਤ ਸਨ। ਮੈਂ ਕੰਘੀ ਕਰਦਾ ਸੀ, ਉਹਨਾਂ ਨੂੰ ਸਵਾਰਦਾ ਰਹਿੰਦਾ ਸੀ ਤਾਂ ਜੋ ਉਹ ਮੁਲਾਇਮ ਬਣੇ ਰਹਿਣ। ਪਰ ਜਦੋਂ ਮੈਨੂੰ ਈਸ਼ਵਰ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਸਮਝ ਗਿਆ ਕਿ ਮੈਨੂੰ ਚੁਣਿਆ ਗਿਆ ਹੈ। ਮੈਂ ਆਪਣੇ ਵਾਲਾਂ ਨੂੰ ਛੂਹਿਆ ਅਤੇ ਉਸੇ ਰਾਤ ਵਾਲ ਸਖਤ ਹੋ ਗਏ।'' ਚੇਇਨ 'ਦੁਆ' 'ਤੇ ਭਰੋਸਾ ਰੱਖਦੇ ਹਨ। 'ਦੁਆ' ਨਾਰੀਅਲ ਧਰਮ ਹੈ। ਦੁਆ ਇਸ ਧਰਮ ਦੇ ਸੰਸਥਾਪਕ ਸਨ, ਜੋ ਸਿਰਫ ਨਾਰੀਅਲ 'ਤੇ ਜ਼ਿੰਦਾ ਰਹੇ। ਹੁਣ ਇਸ ਧਰਮ ਨੂੰ ਵੀਅਤਨਾਮ ਵਿਚ ਬੈਨ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਫਰਜ਼ੀ ਆਸਥਾ ਮੰਨ ਲਿਆ ਗਿਆ ਹੈ। ਚੇਇਨ ਦੇ ਪੰਜਵੇਂ ਬੇਟੇ ਦਾ ਨਾਮ ਲੁਓਮ ਹੈ ਅਤੇ ਉਹ 62 ਸਾਲ ਦਾ ਹੈ। ਉਹ ਆਪਣੇ ਪਿਤਾ ਨੂੰ ਵਾਲ ਸਵਾਰਨ ਵਿਚ ਮਦਦ ਕਰਦਾ ਹੈ।