ਵਿਕਟੋਰੀਆ ''ਚ ਹੜ੍ਹ ਤੇ ਤੂਫਾਨ ਆਉਣ ਦੀ ਚਿਤਾਵਨੀ, ਲੋਕਾਂ ਨੂੰ ਘਰ ਖਾਲੀ ਕਰਨ ਦੀ ਕੀਤੀ ਗਈ ਅਪੀਲ

12/02/2017 4:03:52 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਮੁਤਾਬਕ ਵਿਕਟੋਰੀਆ ਸਮੇਤ ਮੈਲਬੌਰਨ 'ਚ ਹੋਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਹੜ੍ਹ ਅਤੇ ਤੇਜ਼ ਤੂਫਾਨ ਆਉਣ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਨੂੰ ਖਾਲੀ ਕਰ ਕੇ ਸੁਰੱਖਿਅਤ ਥਾਵਾਂ 'ਤੇ ਚੱਲੇ ਜਾਣ। 
ਦੱਸਣਯੋਗ ਹੈ ਕਿ ਆਸਟ੍ਰੇਲੀਆ 'ਚ ਬੀਤੇ ਦਿਨਾਂ ਤੋਂ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ ਸੀ, ਗਰਮੀ ਕਾਰਨ ਲੋਕ ਪਰੇਸ਼ਾਨ ਸਨ। ਮੈਲਬੌਰਨ ਦਾ ਤਾਪਮਾਨ 32 ਡਿਗਰੀ ਰਿਕਾਰਡ ਕੀਤਾ ਗਿਆ ਸੀ। ਮੀਂਹ ਲੋਕਾਂ ਲਈ ਰਾਹਤ ਲੈ ਕੇ ਆਇਆ ਹੈ ਪਰ ਨਾਲ ਹੀ ਨਾਲ ਇਹ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਿਆ। ਵਿਕਟੋਰੀਆ 'ਚ ਕਈ ਥਾਵਾਂ 'ਤੇ ਮੀਂਹ ਪੈਣ ਕਾਰਨ ਪਾਣੀ ਭਰ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸੰਦੇਸ਼ ਜਾਰੀ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਬਹੁਤ ਭਾਰੀ ਮੀਂਹ ਪਵੇਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੈਨੂੰ ਪਤਾ ਹੈ ਕਿ ਵਿਕਟੋਰੀਆ ਦੇ ਲੋਕ ਇਸ ਸਮੇਂ ਮੁਸ਼ਕਲ ਸਮੇਂ 'ਚੋਂ ਲੰਘ ਰਹੇ ਹੋਣਗੇ ਪਰ ਉਨ੍ਹਾਂ ਨੂੰ ਧੀਰਜ ਬਣਾ ਕੇ ਰੱਖਣਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਪਾਣੀ 'ਚ ਡਰਾਈਵ ਨਾ ਕਰਨ ਦੀ ਸਲਾਹ ਦਿੱਤੀ ਹੈ।


Related News