ਅਮਰੀਕਾ ''ਚ ਭਾਰਤੀ ਵਿਅਕਤੀ ਨੂੰ ਲੱਗਾ 86 ਲੱਖ ਡਾਲਰ ਦਾ ਜ਼ੁਰਮਾਨਾ

10/31/2018 11:52:10 AM

ਨਿਊਯਾਰਕ(ਭਾਸ਼ਾ)— ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਕੰਪਿਊਟਰ ਨੈੱਟਵਰਕ 'ਤੇ ਸਾਈਬਰ ਹਮਲੇ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 86 ਲੱਖ ਡਾਲਰ ਦਾ ਜ਼ੁਰਮਾਨਾ ਭਰਨਾ ਪਿਆ ਅਤੇ 6 ਮਹੀਨੇ ਘਰ 'ਚ ਕੈਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਨਿਊਜਰਸੀ ਦੇ 22 ਸਾਲਾ ਪਾਰਸ ਝਾਅ ਨੇ ਪਹਿਲਾਂ ਅਮਰੀਕੀ ਜ਼ਿਲਾ ਜੱਜ ਮਾਈਕਲ ਸ਼ਿਪ ਦੇ ਸਾਹਮਣੇ ਕੰਪਿਊਟਰ ਦੀ ਦੁਰਵਰਤੋਂ ਕਰਨ ਦਾ ਦੋਸ਼ ਮੰਨ ਲਿਆ ਸੀ। ਉਸ ਨੇ ਧੋਖਾਧੜੀ ਵਾਲੇ ਬੌਟਨੇਟ ਬਣਾਉਣ 'ਚ ਵੀ ਹਿੱਸਾ ਲਿਆ ਸੀ, ਜਿਸ ਕਾਰਨ ਹਜ਼ਾਰਾਂ ਤੰਤਰ ਪ੍ਰਭਾਵਿਤ ਹੋਏ ਸਨ। ਪਿਛਲੇ ਮਹੀਨੇ ਟ੍ਰੈਂਨਟਨ ਸੰਘੀ ਅਦਾਲਤ 'ਚ ਸਜ਼ਾ ਦੇਣ ਵਾਲੇ ਸ਼ਿਪ ਨੇ ਝਾਅ ਨੂੰ ਨਿਗਰਾਨੀ 'ਚ ਰਹਿਣ ਅਤੇ 2500 ਘੰਟੇ ਭਾਈਚਾਰਕ ਸੇਵਾ ਕਰਨ ਦਾ ਹੁਕਮ ਦਿੱਤਾ ਸੀ।

ਅਦਾਲਤ 'ਚ ਦਰਜ ਦਸਤਾਵੇਜ਼ਾਂ ਮੁਤਾਬਕ ਨਵੰਬਰ 2014 ਅਤੇ ਸਤੰਬਰ 2016 ਦੌਰਾਨ ਝਾਅ ਨੇ ਨਿਊਜਰਸੀ ਸਥਿਤ ਰੂਟਰ ਯੂਨੀਵਰਸਿਟੀ ਦੇ ਨੈੱਟਵਰਕ 'ਤੇ 'ਡਿਸਟ੍ਰੀਬਿਊਟਡ ਆਫ ਸਰਵਿਸ' ਹਮਲੇ ਕੀਤੇ। ਝਾਅ ਦੇ ਹਮਲਿਆਂ ਨੇ ਯੂਨੀਵਰਸਿਟੀ ਦੇ ਕੇਂਦਰੀ ਪ੍ਰਮਾਣੀਕਰਣ ਸਰਵਰ ਨੂੰ ਬੰਦ ਕਰ ਦਿੱਤਾ ਸੀ ਜੋ ਕਿ ਹੋਰ ਚੀਜ਼ਾਂ ਨਾਲ ਗੇਟਵੇਅ ਪੋਰਟਲ ਤੋਂ ਚਾਲੂ ਰੱਖਦਾ ਸੀ ਜਿਸ ਦੇ ਰਾਹੀਂ ਕਰਮਚਾਰੀ ਅਤੇ ਵਿਦਿਆਰਥੀ ਅਸਾਈਨਮੈਂਟ ਭੇਜਦੇ ਸਨ। ਝਾਅ ਲਗਾਤਾਰ ਕਈ ਸਮੇਂ ਤਕ ਪੋਰਟਲ ਨੂੰ ਆਫਲਾਈਨ ਕਰਨ 'ਚ ਸਫਲ ਰਿਹਾ ਅਤੇ ਇਸ ਕਾਰਨ ਯੂਨੀਵਰਸਿਟੀ, ਉਸ ਦੇ ਵਿਦਿਆਰਥੀਆਂ ਨੂੰ ਨੁਕਸਾਨ ਪੁੱਜਾ। ਪਿਛਲੇ ਸਾਲ ਦਸੰਬਰ 'ਚ ਪੈਂਸਿਲਵੇਨਿਆ ਦੇ 21 ਸਾਲਾ ਜੋਸ਼ੀਆ ਵ੍ਹਾਈਟ ਅਤੇ ਲੁਈਸਿਆਨਾ ਦੇ 22 ਸਾਲਾ ਡਾਲਟਨ ਨਾਰਮਨ ਨਾਲ ਝਾਅ ਨੇ ਅਲਾਸਕਾ ਜ਼ਿਲੇ 'ਚ ਆਪਣਾ ਗੁਨਾਹ ਕਬੂਲ ਕੀਤਾ ਸੀ, ਜਿਸ ਕਾਰਨ ਉਸ 'ਤੇ ਕੰਪਿਊਟਰ ਧੋਖਾਧੜੀ ਦੇ ਦੋਸ਼ ਲੱਗੇ ਸਨ।


Related News